ਦਰਸ਼ਕਾਂ ਦੀ ਸੁਵਿਧਾ ਲਈ ਖੇਤਰੀ ਸਾਰਸ ਮੇਲੇ ਵਿੱਚ ਕੀਤੇ ਜਾ ਰਹੇ ਵਿਸ਼ੇਸ਼ ਪ੍ਰਬੰਧ

ਸਤਿੰਦਰ ਸਰਤਾਜ, ਜੌਰਡਨ ਸੰਧੂ, ਰਣਜੀਤ ਬਾਵਾ, ਸੁਨੰਦਾ ਸ਼ਰਮਾ ਸਮੇਤ ਹੋਰ ਚੋਟੀ ਦੇ ਗਾਇਕ ਹੋਣਗੇ ਦਰਸ਼ਕਾਂ ਦੇ ਰੂਬਰੂ

ਸੰਗਰੂਰ : ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 8 ਅਕਤੂਬਰ ਤੋਂ 17 ਅਕਤੂਬਰ ਤੱਕ ਕਰਵਾਏ ਜਾ ਰਹੇ ਖੇਤਰੀ ਸਾਰਸ ਮੇਲੇ ਵਿੱਚ ਦਰਸ਼ਕਾਂ ਦੀ ਸੁਵਿਧਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਸ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਜਿੱਥੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਉਣ ਵਾਲੇ ਸ਼ਿਲਪਕਾਰ ਤੇ ਦਸਤਕਾਰ 200 ਤੋਂ ਵੱਧ ਸਟਾਲਾਂ ਰਾਹੀਂ ਆਪਣੇ ਸਮਾਨ ਦੀ ਵਿਕਰੀ ਕਰਨਗੇ ਓਥੇ ਹੀ ਸੂਬਿਆਂ ਦੇ ਪ੍ਰਸਿੱਧ ਪਕਵਾਨ, ਬੱਚਿਆਂ ਦੇ ਮਨੋਰੰਜਨ ਲਈ ਵੰਨ ਸੁਵੰਨੇ ਝੂਲੇ ਵੀ ਆਕਰਸ਼ਣ ਦਾ ਕੇਂਦਰ ਬਣਨਗੇ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਆਯੋਜਿਤ ਹੋਣ ਵਾਲੀ ਸਟਾਰ ਨਾਈਟ ਨੂੰ ਵਧੇਰੇ ਖਿੱਚ ਭਰਪੂਰ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਦਾਖਲਾ ਮੁਫ਼ਤ ਹੋਵੇਗਾ ਜਦੋਂਕਿ 3 ਸਾਲ ਤੋਂ 10 ਸਾਲ ਉਮਰ ਤੱਕ ਦੇ ਬੱਚਿਆਂ ਲਈ ਦਾਖਲਾ ਟਿਕਟ ਸਿਰਫ 10 ਰੁਪਏ ਰੱਖੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਲੋਕਾਂ ਦੀ ਇਸ ਮੇਲੇ ਵਿੱਚ ਐਂਟਰੀ ਫੀਸ ਕੇਵਲ 20 ਰੁਪਏ ਰੱਖੀ ਗਈ ਹੈ ਅਤੇ ਜੇਕਰ ਕੋਈ ਨਾਗਰਿਕ ਸਟਾਰ ਨਾਈਟ ਦਾ ਬੈਠ ਕੇ ਆਨੰਦ ਮਾਨਣਾ ਚਾਹੁੰਦਾ ਹੈ ਤਾਂ ਉਨ੍ਹਾਂ ਲਈ ਪਲੈਟੀਨਮ ਅਤੇ ਗੋਲਡ ਬਲਾਕ ਬਣਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਮੀ ਗਾਇਕਾਂ ਦੀ ਆਮਦ ਦੇ ਮੱਦੇਨਜ਼ਰ ਲੋਕਾਂ ਵੱਲੋਂ ਟਿਕਟ ਕਾਊਂਟਰ ਉਤੇ ਵਧੇਰੇ ਭੀੜ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਦੀ ਸੁਵਿਧਾ ਲਈ ਆਨਲਾਈਨ ਟਿਕਟ ਦੀ ਸੁਵਿਧਾ ਵੀ ਮੁਹਈਆ ਕਰਵਾਈ ਗਈ ਹੈ ਜੋ ਕਿ ਪੇਟੀਐੱਮ ਇਨਸਾਈਡਰ (Paytm insider) ਉੱਤੇ ਬੁੱਕ ਹੋਵੇਗੀ।  ਉਨ੍ਹਾਂ ਦੱਸਿਆ ਕਿ ਗੀਤ ਸੰਗੀਤ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਸਤਿੰਦਰ ਸਰਤਾਜ, ਜੌਰਡਨ ਸੰਧੂ, ਰਣਜੀਤ ਬਾਵਾ, ਸੁਨੰਦਾ ਸ਼ਰਮਾ ਸਮੇਤ ਹੋਰ ਦਰਜਨ ਤੋਂ ਵਧੇਰੇ ਗਾਇਕ ਇਸ 10 ਦਿਨਾਂ ਖੇਤਰੀ ਸਰਸ ਮੇਲੇ ਵਿੱਚ ਦਰਸ਼ਕਾਂ ਸਾਹਮਣੇ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਲੈਟੀਨਮ ਅਤੇ ਗੋਲਡ ਬਲਾਕ ਦੇ ਪਿੱਛੇ ਤਿਆਰ ਕਰਵਾਏ ਜਾ ਰਹੇ ਓਪਨ ਬਲਾਕ ਵਿੱਚ ਅਜਿਹੇ ਦਰਸ਼ਕ ਵੀ ਸਟਾਰ ਨਾਈਟ ਦਾ ਆਨੰਦ ਮਾਣ ਸਕਣਗੇ ਜੋ ਕੇਵਲ 20 ਰੁਪਏ ਦੀ ਟਿਕਟ ਰਾਹੀਂ ਮੇਲੇ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਗਰੂਰ ਵਿਖੇ ਕਰੀਬ ਇੱਕ ਦਹਾਕੇ ਮਗਰੋਂ ਕਰਵਾਏ ਜਾ ਰਹੇ ਸਾਰਸ ਮੇਲੇ ਦਾ ਵਧ ਚੜ੍ਹ ਕੇ ਆਨੰਦ ਮਾਣਿਆ ਜਾਵੇ।