ਸਪੀਕਰ ਸੰਧਵਾ ਨੇ ਪਿੰਡ ਤੂਤ ਵਿਖੇ ਬੇਰ ਦੇ ਬਾਗ ਅਤੇ ਮਿਰਚਾਂ ਦੇ ਕਲਸਟਰ ਦਾ ਦੌਰਾ ਕੀਤਾ

ਫਿਰੋਜ਼ਪੁਰ, 08 ਅਪ੍ਰੈਲ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਕਿਸਾਨਾਂ ਨਾਲ ਖਾਸਕਰ ਛੋਟੇ 'ਤੇ ਸੀਮਾਂਤ ਕਿਸਾਨਾਂ ਦੀ ਭਲਾਈ ਲਈ ਹਰ ਲੋੜੀਂਦਾ ਕਦਮ ਚੁੱਕ ਰਹੀ ਹੈ ਤੇ ਹਮੇਸ਼ਾਂ ਆਪਣੇ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦਾ ਇਕ ਰਾਹ ਇਥੋਂ ਦੇ ਖੇਤਾਂ ਵਿਚੋਂ ਰਵਾਇਤੀ ਖੇਤੀ ਤੋਂ ਹੱਟ ਕੇ ਆਧੁਨਿਕ ਖੇਤੀ ਨਾਲ ਸਬਜ਼ੀਆਂ , ਫੁੱਲਾਂ ਅਤੇ ਫਲਾਂ ਦੀ ਕਾਸ਼ਤ ਅਪਣਾ ਕੇ ਪਾਣੀ ਦੀ ਬੱਚਤ ਕਰਨ । ਇਸ ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਕਿਸਾਨ ਦੀ ਆਮਦਨ ਵਿੱਚ ਵਾਧਾ ਕਰਨ ਵਿੱਚ ਮੱਦਦ ਮਿਲੇਗੀ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ, ਸ. ਕੁਲਤਾਰ ਸਿੰਘ ਸੰਧਵਾ ਨੇ ਪਿੰਡ ਤੂਤ ਵਿਖੇ ਬੇਰਾਂ ਦੇ ਬਾਗ ਅਤੇ ਮਿਰਚਾਂ ਦੇ ਕਲਸਟਰ ਦਾ ਦੌਰਾ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ੍ਰੀ ਰਜਨੀਸ਼ ਦਹੀਯਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।  ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹਰੇਕ ਕਿਸਾਨ ਨੂੰ ਆਪਣੀ ਜ਼ਮੀਨ ਦਾ ਲੋੜ ਮੁਤਾਬਿਕ ਵੱਧ ਤੋਂ ਵੱਧ ਰਕਬਾ ਬਾਗਬਾਨੀ ਫਸਲਾਂ ਹੇਠ ਲਿਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਿਆਂਦੀ ਜਾ ਸਕੇ। ਇਸ ਮੌਕੇ ਅਗਾਂਹਵਧੂ ਕਿਸਾਨ ਸ. ਨਛੱਤਰ ਸਿੰਘ ਅਤੇ ਲਖਵਿੰਦਰ ਸਿੰਘ ਲੱਖਾ ਨੇ ਉਨ੍ਹਾਂ ਨੂੰ ਦੱਸਿਆ ਕਿ ਇਕ ਕਿੱਲੇ ਵਿਚ ਬੇਰਾਂ ਦਾ ਬਾਗ ਅਤੇ ਕਿੱਲੇ ਵਿੱਚ ਮਿਰਚ ਦੀ ਖੇਤੀ ਕਰਦੇ ਹਨ।  ਉਨ੍ਹਾਂ ਦੱਸਿਆ ਕਿ ਉਹ ਲਗਪਗ 25 ਸਾਲਾਂ ਤੋਂ ਬੇਰ ਅਤੇ 8 ਸਾਲਾਂ ਤੋਂ ਮਿਰਚ ਦੀ ਖੇਤੀ ਕਰ ਰਹੇ ਹਨ ਅਤੇ ਭਵਿੱਖ ਵਿੱਚ ਸਟਰਾਅ ਬੇਰੀ ਦੀ ਖੇਤੀ ਵੀ ਕਰਨਗੇ। ਇਸ ਮੌਕੇ ਹਾਜ਼ਰ ਹੋਰਨਾਂ ਅਗਾਂਹਵਧੂ ਕਿਸਾਨਾਂ ਨੇ ਵੀ ਸਪੀਕਰ ਨਾਲ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਸਾਂਝੇ ਕੀਤੇ।ਸ. ਸੰਧਵਾਂ ਨੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਇਨ੍ਹਾਂ ਤੋਂ ਸੇਧ ਲੈ ਕੇ ਬਾਗਬਾਨੀ ਦੀਆਂ ਫਸਲਾਂ ਦੀ ਕਾਸ਼ਤ ਕਰਨ ਅਤੇ ਫਲਦਾਰ ਬਾਗ਼ ਲਗਾਉਣ ਦੀ ਅਪੀਲ ਕੀਤੀ ਤਾਂ ਕਿ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਿਆਂਦੀ ਜਾ ਸਕੇ। ਇਸ ਮੌਕੇ ਵਿਧਾਇਕ ਸ੍ਰੀ ਰਜਨੀਸ਼ ਦਹੀਯਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਰੱਖੀਆਂ ਮੰਗਾਂ ਨੂੰ ਉਹ ਮੁੱਖ ਮੰਤਰੀ ਸ ਭਗਵੰਤ ਮਾਨ ਦੇ ਧਿਆਨ ਵਿਚ ਲਿਆ ਕੇ ਛੇਤੀ ਤੋਂ ਛੇਤੀ ਹੱਲ ਕਰਨਗੇ। ਇਸ ਮੌਕੇ ਹਾਜ਼ਰ ਕਿਸਾਨਾਂ ਦੀਆਂ ਕਈ ਸਮੱਸਿਆਵਾਂ ਦਾ ਸਪੀਕਰ ਅਤੇ ਵਿਧਾਇਕ ਰਜਨੀਸ਼ ਦਹੀਯਾ ਨੇ ਮੌਕੇ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਜਿਸ 'ਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੀ.ਆਰ.ਓ. /ਸਪੀਕਰ ਸ. ਮਨਪ੍ਰੀਤ ਸਿੰਘ,ਅਮਨਦੀਪ ਸਿੰਘ ਪੀ.ਏ., ਡਾ. ਮਨਜੀਤ ਸਿੰਘ ਕੰਮੇਆਣਾ, ਜਗਜੀਤ ਸਿੰਘ ਨੰਗਲ, ਬੇਅੰਤ ਸਿੰਘ ਹਕੂਮਤ ਵਾਲਾ, ਜਗਮੀਤ ਸਿੰਘ ਭੁੱਲਰ, ਲਖਵੀਰ ਸਿੰਘ ਫੌਜੀ ਤੋਂ ਇਲਾਵਾ ਚਿੱਲੀ ਕਲਸਟਰ ਦੇ ਮੈਂਬਰ ਬਲਵਿੰਦਰ ਸਿੰਘ ਮਹਾਲਮ, ਸ਼ਮਸ਼ੇਰ ਸਿੰਘ ਹਕੂਮਤਵਾਲਾ, ਲੱਖੀ ਫਿਰੋਜ਼ਸ਼ਾਹ, ਰਸ਼ਪਾਲ ਸਿੰਘ, ਹਰਦੀਪ ਸਿੰਘ, ਮਨਪ੍ਰੀਤ ਸਿੰਘ, ਹਰਦੀਪ ਸਿੰਘ ਬੱਬੂ, ਪਿਸ਼ੋਰਾ ਸਿੰਘ, ਗੁਰਨਾਮ ਸਿੰਘ ਅਤੇ ਪਿੰਡ ਤੂਤ ਦੇ ਹੋਰ ਕਿਸਾਨ ਵੀ ਹਾਜ਼ਰ ਸਨ।