ਸਪੀਕਰ ਸੰਧਵਾਂ ਨੇ ਭਾਈ ਲਾਲੋ ਧਰਮਸ਼ਾਲਾ ਸੁਸਾਇਟੀ ਦੇ ਸੋਲਰ ਸਿਸਟਮ ਲਈ ਢਾਈ ਲੱਖ ਦਾ ਚੈੱਕ ਭੇਂਟ ਕੀਤਾ

ਕੋਟਕਪੂਰਾ , 14 ਮਾਰਚ : ਸਥਾਨਕ ਪ੍ਰੇਮ ਨਗਰ ਵਿਖੇ ਸਥਿਤ ਭਾਈ ਲਾਲੋ ਧਰਮਸ਼ਾਲਾ ਸੁਸਾਇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਧਰਮਸ਼ਾਲਾ ਵਿੱਚ ਸੋਲਰ ਸਿਸਟਮ ਲਵਾਉਣ ਲਈ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਢਾਈ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਕੀਤਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਹੀ ਅਖਤਿਆਰੀ ਕੋਟੇ ਦੀ ਰਕਮ ਵਰਤਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈ ਲਾਲੋ ਧਰਮਸ਼ਾਲਾ ਸੁਸਾਇਟੀ ਵਿੱਚ ਲੱਗਣ ਵਾਲੇ ਸੋਲਰ ਸਿਸਟਮ ਨਾਲ ਜਿੱਥੇ ਬਿਜਲੀ ਦੀ ਬੱਚਤ ਹੋਵੇਗੀ, ਉੱਥੇ ਉਕਤ ਇਲਾਕੇ ਦੇ ਵਸਨੀਕਾਂ ਨੂੰ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਮਿਲਣੀ ਵੀ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀ ਨੁਹਾਰ ਬਦਲਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ  ਹਲਕੇ ਦੇ ਵਿਕਾਸ ਕਾਰਜਾਂ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ, ਸੈਕਟਰੀ ਕੁਲਵੰਤ ਸਿੰਘ ਚਾਨੀ, ਮੀਤ ਪ੍ਰਧਾਨ ਗੁਰਦੇਵ ਸਿੰਘ ਠੇਕੇਦਾਰ ਸਮੇਤ ਮੈਂਬਰਾਂ ’ਚ ਸ਼ਾਮਲ ਭੁਪਿੰਦਰ ਸਿੰਘ ਭੁੱਲਰ, ਮੱਘਰ ਸਿੰਘ ਅਤੇ ਅਮਰੀਕ ਸਿੰਘ ਨੇ ਸਪੀਕਰ ਸੰਧਵਾਂ ਦੀ ਸੋਚ ਅਤੇ ਨਿਮਰਤਾ ਦੀ ਸ਼ਲਾਘਾ ਕਰਨ ਤੋਂ ਬਾਅਦ ਉਹਨਾਂ ਦਾ ਸਹਿਯੋਗ ਬਦਲੇ ਧੰਨਵਾਦ ਕਰਦਿਆਂ ਆਖਿਆ ਕਿ ਧਰਮਸ਼ਾਲਾ ਨੂੰ ਸੋਲਰ ਸਿਸਟਮ ਦੀ ਬਹੁਤ ਸਖਤ ਜਰੂਰਤ ਸੀ, ਕਿਉਂਕਿ ਇਸ ਨਾਲ ਮੁਹੱਲਾ ਵਾਸੀਆਂ ਨੂੰ ਬਹੁਤ ਸਹੂਲਤ ਮਿਲੇਗੀ।