ਸਪੀਕਰ ਸੰਧਵਾਂ ਰਾਜ ਪੱਧਰੀ ਆਰਟ ਵਰਕਸ਼ਾਪ ਅਤੇ ਪੇਟਿੰਗ ਪ੍ਰਦਰਸ਼ਨੀ ਦੇ ਸਨਮਾਨ ਸਮਾਰੋਹ ਵਿਚ ਹੋਏ ਸ਼ਾਮਿਲ

ਫ਼ਰੀਦਕੋਟ 22 ਸਤੰਬਰ : ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਇਥੋਂ ਦੀ ਸੰਤ ਬਾਬਾ ਫਰੀਦ ਆਰਟ ਸੁਸਾਇਟੀ(ਰਜਿ) ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਸੰਜੀਵਨੀ ਹਾਲ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਰਾਜ ਪੱਧਰੀ ਆਰਟ ਵਰਕਸ਼ਾਪ ਤੇ ਪੇਂਟਿੰਗ ਪ੍ਰਦਰਸ਼ਨੀ ਦੇ ਅੱਜ ਆਖਰੀ ਦਿਨ ਸਨਮਾਨ ਸਮਾਰੋਹ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਮੈਨੇਜਿੰਗ ਡਾਇਰੈਕਟਰ, ਬਾਬਾ ਫਰੀਦ ਕਾਲਜ ਆਫ ਨਰਸਿੰਗ ਸ. ਮਨਜੀਤ ਸਿੰਘ ਢਿੱਲੋਂ  ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਪਹਿਲੇ ਸੂਫੀ ਕਵੀ ਬਾਬਾ ਸ਼ੇਖ ਫ਼ਰੀਦ ਜੀ ਦੀ ਪੂਰੇ ਸਮਾਜ ਅਤੇ ਪੰਜਾਬੀ ਸਾਹਿਤ ਲਈ ਵੱਡੀ ਦੇਣ ਹੈ । ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਆਰਟ ਸੁਸਾਇਟੀ ਵੱਲੋਂ 3 ਰੋਜ਼ਾ ਰਾਜ ਪੱਧਰੀ ਆਰਟ ਵਰਕਸ਼ਾਪ ਤੇ ਪੇਂਟਿੰਗ ਪ੍ਰਦਰਸ਼ਨੀਆਂ ਦਾ ਆਯੋਜਨ ਕਰਕੇ ਵੱਡਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਪ੍ਰਦਰਸ਼ਨੀ ਦੌਰਾਨ ਵੱਖ ਵੱਖ ਕਲਾਕਾਰਾਂ ਦੀਆਂ ਪੇਟਿੰਗਾਂ ਵੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਤੇ ਬੱਚਿਆਂ ਵਿੱਚ ਵੀ ਪੇਟਿੰਗ ਸਬੰਧੀ ਰੁਚੀ ਵਧੇਗੀ।  ਇਸ ਮੌਕੇ ਉਨ੍ਹਾਂ ਆਰਟ ਵਰਕਸ਼ਾਪ ਅਤੇ ਪੇਟਿੰਗ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਬੱਚਿਆ ਅਤੇ ਨੌਜਵਾਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਸ੍ਰੀ ਮਨਪ੍ਰੀਤ ਸਿੰਘ ਧਾਲੀਵਾਲ ਵੀ ਹਾਜ਼ਰ ਸਨ।