ਸਪੀਕਰ ਸੰਧਵਾਂ ਨੇ ਹੋਣਹਾਰ ਬੇਟੀ ਸੁਖਦੀਪ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ

ਕੋਟਕਪੂਰਾ : ਧੀਆਂ ਦਾ ਸਮਾਜ ਵਿੱਚ ਸਨਮਾਨ ਵਧਾਉਣ ਲਈ ਯਤਨਸ਼ੀਲ ਪੰਜਾਬ ਦੀ ਸਿਰਮੌਰ ਸਮਾਜਸੇਵੀ ਸੰਸਥਾ ‘ਜੈਕਾਰਾ ਮੂਵਮੈਂਟ ਸੋਸ਼ਲ ਆਰਗੇਨਾਈਜੇਸ਼ਨ ਵਲੋਂ ਪਿਛਲੇ ਦਿਨੀਂ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਦੀ ਹੋਣਹਾਰ ਵਿਦਿਆਰਥਣ ਸੁਖਦੀਪ ਕੌਰ ਦਾ ਉਸ ਦੀਆਂ ਵੱਡੀਆਂ ਉਪਲਬਧੀਆਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਿੱਥੇ ਸੁਖਦੀਪ ਕੌਰ ਦਾ ਸਨਮਾਨ ਕੀਤਾ, ਉੱਥੇ ਉਸ ਨੂੰ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਅਤੇ ਅਸ਼ੀਰਵਾਦ ਦਿੰਦਿਆਂ ਉਸਦੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕੀਤੀ। ਜਥੇਬੰਦੀ ਦੇ ਸੰਸਥਾਪਕ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਸੁਖਦੀਪ ਕੌਰ ਨੇ ਜਿੱਥੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਬਹੁਤ ਚੰਗੇ ਅੰਕ ਲੈ ਕੇ ਆਪਣੀ ਖਾਸ ਜਗਾ ਬਣਾਈ ਹੈ, ਉੱਥੇ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਯੂਥ ਵੈਸਟੀਵਲ ਵਿੱਚ ਉਹ ਜੋਨਲ ਪੱਧਰ ’ਤੇ ਕਲਾਸੀਕਲ ਵੋਕਲ ਅਤੇ ਲੋਕ ਗੀਤ ਵਿੱਚ ਗੋਲਡ ਮੈਡਲ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਉਕਤ ਹੋਣਹਾਰ ਬੇਟੀ ਪੀਟੀਸੀ ਵਾਈਸ ਆਫ ਪੰਜਾਬ ਵਿੱਚ ਵੀ ਆਪਣੇ ਜੋਹਰ ਦਿਖਾਈ ਚੁੱਕੀ ਹੈ। ਅਧਿਆਪਕ ਵਿਨੋਦ ਕੁਮਾਰ ਮੁਤਾਬਿਕ ਸੁਖਦੀਪ ਕੌਰ ਦੇ ਅਧਿਆਪਕਾਂ ਅਤੇ ਸੰਗੀਤ ਗੁਰੂਆਂ ਨੇ ਜਿੱਥੇ ਉਸਨੂੰ ਸਪੀਕਰ ਸੰਧਵਾਂ ਤੋਂ ਮਿਲੇ ਸਨਮਾਨ ਦੀ ਮੁਬਾਰਕਬਾਦ ਦਿੱਤੀ, ਉੱਥੇ ਸੁਖਦੀਪ ਕੌਰ ਨੇ ਵੀ ਕੁਝ ਧਾਰਮਿਕ ਗੀਤਾਂ ਨਾਲ ਆਪਣੀ ਹਾਜਰੀ ਲਵਾਈ।