ਸਪੀਕਰ ਸੰਧਵਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਰਬ ਸਾਂਝੀ ਧਾਰਮਿਕ ਕਮੇਟੀ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ

  • ਸਪੀਕਰ ਸੰਧਵਾਂ ਨੇ ਕੰਪਲੈਕਸ ਦੀ ਮੁਰੰਮਤ ਲਈ ਹਰ ਸਾਲ 2 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਫ਼ਰੀਦਕੋਟ 02 ਜਨਵਰੀ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮਿੰਨੀ ਮੀਟਿੰਗ ਹਾਲ ਵਿਖੇ ਸਰਬ ਸਾਂਝੀ ਧਾਰਮਿਕ ਕਮੇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਕਮੇਟੀ ਦੇ ਮੁੱਖ ਸੇਵਾਦਾਰ ਸ.ਅਮਰੀਕ ਸਿੰਘ ਸੰਧੂ ਨੇ ਸਪੀਕਰ ਸੰਧਵਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਾਥਰੂਮਾਂ ਦੀ ਸਫ਼ਾਈ, ਕੰਟੀਨ ਨਾ ਹੋਣ ਕਾਰਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਆਮ ਲੋਕਾਂ ਨੂੰ ਹੁੰਦੀ ਪਰੇਸ਼ਾਨੀ ਬਾਰੇ ਸਪੀਕਰ ਸੰਧਵਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਐਸ.ਐਸ.ਪੀ. ਸ. ਹਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨਾਜਰ ਨੂੰ ਹਦਾਇਤ ਕੀਤੀ ਕਿ ਬਾਥਰੂਮਾਂ ਦੀ ਸਫਾਈ, ਉਨ੍ਹਾਂ ਦੀ ਮੁਰੰਮਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਮੇਂ ਆ ਕੇ ਇਸ ਸਭ ਦੀ ਚੈਕਿੰਗ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਜ਼ਰੂਰਤ ਨੂੰ ਮੁੱਖ ਰੱਖਦਿਆਂ ਕੰਪਲੈਕਸ ਦੀ ਮੁਰੰਮਤ ਲਈ ਹਰ ਸਾਲ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਪਰ ਸਾਨੂੰ ਸਭ ਨੂੰ ਰਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੰਪਲੈਕਸ ਵਿੱਚ ਇੱਕ ਵਧੀਆ ਕੰਟੀਨ ਬਣਾਈ ਜਾਵੇ ਜਿਸ ਨਾਲ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਦਫਤਰਾਂ ਵਿਖੇ ਆਪਣੇ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਖਾਣ ਪੀਣ ਆਦਿ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਸਪੀਕਰ ਸੰਧਵਾਂ ਨੇ ਕੰਪਲੈਕਸ ਵਿਖੇ ਪਾਰਕਿੰਗ ਦੀ ਆ ਰਹੀ ਸਮੱਸਿਆ ਦਾ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ, ਐਸ.ਡੀ.ਐਮ ਸ੍ਰੀ ਵਰੁਣ ਕੁਮਾਰ, ਚੇਅਰਮੈਨ ਪਲਾਨਿੰਗ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ, ਐਡਵੋਕੇਟ ਬੀਰਇੰਦਰ ਸਿੰਘ, ਸ.ਸਿਵਜੀਤ ਸਿੰਘ ਸੰਘਾ, ਪੀ.ਏ ਸ੍ਰੀ ਮਹਿੰਦਰਪਾਲ, ਦਰਸ਼ਨ ਲਾਲ ਸ਼ਰਮਾ, ਸ.ਮਨਦੀਪ ਸਿੰਘ ਮੋਰਾਂਵਾਲੀ, ਬਲਦੇਵ ਸਿੰਘ ਜੰਡੋਕੇ, ਮੱਖਣ ਸਿੰਘ ਮਾਨ, ਲਖਵੰਤ ਸਿੰਘ ਮਾਨ,ਪ੍ਰਵੀਨ ਰਾਣੀ, ਰਜਿੰਦਰ ਕੌਰ, ਸਟੈਨੋ ਹਾਜ਼ਰ ਸਨ।