ਸਪੀਕਰ ਸੰਧਵਾਂ ਨੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ 

ਕੋਟਕਪੂਰਾ, 4 ਜੂਨ : ਹਲਕਾ ਕੋਟਕਪੂਰਾ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਪਾਰੀ ਆਗੂ ਰਾਜ ਕੁਮਾਰ ਲਹੌਰੀਆ ਦੇ ਘਰ ਪਹੁੰਚ ਕੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉੱਥੇ ਹੀ ਸ਼ੁਰੂ ਹੋ ਗਿਆ ਸੰਗਤ ਦਰਸ਼ਨ। ਪੀਆਰਓ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਨੇ ਦੱਸਿਆ ਕਿ ਜਿਵੇਂ ਜਿਵੇਂ ਲੋਕਾਂ ਨੇ ਮੁਸ਼ਕਿਲਾਂ, ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਜਿਕਰ ਕੀਤਾ, ਉਵੇਂ ਉਵੇਂ ਮਾਣਯੋਗ ਸਪੀਕਰ ਸੰਧਵਾਂ ਨੇ ਸਬੰਧਤ ਅਧਿਕਾਰੀਆਂ ਨੂੰ ਜਾਇਜ ਸ਼ਿਕਾਇਤਾਂ ਤੁਰਤ ਹੱਲ ਕਰਨ ਦਾ ਨਿਰਦੇਸ਼ ਦਿੰਦਿਆਂ ਆਖਿਆ ਕਿ ਜਾਇਜ ਸਮੱਸਿਆਵਾਂ ਤੇ ਸ਼ਿਕਾਇਤਾਂ ਲੈ ਕੇ ਕੋਈ ਵੀ ਸੱਜਣ ਜਦੋਂ ਮਰਜੀ ਮਿਲ ਸਕਦਾ ਹੈ। ਉਸ ਤੋਂ ਬਾਅਦ 3-4 ਹੋਰ ਸਮਾਗਮਾਂ ਵਿੱਚ ਹਾਜਰੀ ਲਵਾਉਣ ਉਪਰੰਤ ਸਪੀਕਰ ਸੰਧਵਾਂ ਰਾਤ 11:00 ਵਜੇ ਘਰ ਪੁੱਜੇ, ਤੜਕਸਾਰ ਹੀ ਸੰਗਤ ਦਾ ਆਉਣਾ ਸ਼ੁਰੂ ਹੋ ਗਿਆ ਤੇ ਸੰਗਤ ਦੀਆਂ ਸ਼ਿਕਾਇਤਾਂ ਸੁਣ ਕੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਕਰਨ ਤੋਂ ਬਾਅਦ ਸਪੀਕਰ ਸੰਧਵਾਂ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੰਮਿ੍ਰਤਸਰ ਵਿਖੇ ਰੱਖੇ ਸਮਾਗਮ ’ਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ।ਸ਼ਾਮ ਸਮੇਂ ਵਾਪਸੀ ’ਤੇ ਉਹਨਾ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਲਾ ਯੂਥ ਪ੍ਰਧਾਨ ਸੁਖਵੰਤ ਸਿੰਘ ਸਰਾਂ ਦੇ ਗ੍ਰਹਿ ਵਿਖੇ ਪੁੱਜ ਕੇ ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਫਿਰ ਪਾਰਟੀ ਦੇ ਵਲੰਟੀਅਰ ਮੇਹਰ ਸਿੰਘ ਚੰਨੀ ਦੇ ਗ੍ਰਹਿ ਵਿਖੇ ਪੁੱਜ ਕੇ ਮੁਹੱਲਾ ਵਾਸੀਆਂ ਨਾਲ ਗੱਲਬਾਤ ਕੀਤੀ। ਮੁਹੱਲਾ ਵਾਸੀਆਂ ਨੇ ਸ਼ਿਕਾਇਤ ਕੀਤੀ ਕਿ ਸ਼ਹਿਰ ਤੋਂ ਪਿੰਡ ਸਿੱਖਾਂਵਾਲਾ ਅਤੇ ਨੱਥੇਵਾਲਾ ਨੂੰ ਜਾਣ ਵਾਲੀ ਲਿੰਕ ਸੜਕ ਦਾ ਬਹੁਤ ਬੁਰਾ ਹਾਲ ਹੈ, ਉਕਤ ਸੜਕ ਹੀ ਰਾਸ਼ਟਰੀ ਰਾਜ ਮਾਰਗ ਨੰਬਰ 54 ਨੂੰ ਮਿਲਾਉਂਦੀ ਹੈ। ਸਪੀਕਰ ਸੰਧਵਾਂ ਨੇ ਮੁਹੱਲਾ ਵਾਸੀਆਂ ਨੂੰ ਦੱਸਿਆ ਕਿ 40.75 ਲੱਖ ਰੁਪਏ ਦੀ ਲਾਗਤ ਨਾਲ 1.21 ਕਿਲੋਮੀਟਰ ਕੋਟਕਪੂਰਾ ਤੋਂ ਸਿੱਖਾਂਵਾਲਾ ਅਤੇ ਉਸ ਤੋਂ ਅੱੱਗੇ ਨੱਥੇਵਾਲਾ ਟਾਵਰ ਤੱਕ ਸੜਕ ਜਲਦ ਬਣਾ ਦਿੱਤੀ ਜਾਵੇਗੀ। ਉਹਨਾ ਦੱਸਿਆ ਕਿ ਇਸ ਸਬੰਧੀ 5 ਜੂਨ ਦਿਨ ਸੋਮਵਾਰ ਨੂੰ ਨੀਂਹ ਪੱਥਰ ਰੱਖਿਆ ਜਾਵੇਗਾ ਤੇ ਉਕਤ ਕਾਰਜ ਨਿਸ਼ਚਿਤ ਸਮੇਂ ’ਚ ਮੁਕੰਮਲ ਕਰਵਾਉਣ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਬਕਾਇਦਾ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਨਦੀਪ ਸਿੰਘ ਸੰਧੂ ਪੀ.ਏ. ਸਮੇਤ ਹੋਰ ਵੀ ਪਾਰਟੀ ਆਗੂ ਤੇ ਵਰਕਰ ਹਾਜਰ ਸਨ।