ਬਿਮਾਰ ਪਸ਼ੂਆਂ ਦੇ ਇਲਾਜ ਲਈ ਸਪੀਕਰ ਸੰਧਵਾਂ ਨੇ ਪਸ਼ੂਪਾਲਣ ਮੰਤਰੀ ਨਾਲ ਰਾਬਤਾ ਕਾਇਮ ਕੀਤਾ

  • ਪਿੰਡ ਖਾਰਾ ਦੇ ਨਿਵਾਸੀਆਂ ਨੂੰ ਹਰ ਢੁੱਕਵੇਂ ਹੱਲ ਦਾ ਦਿੱਤਾ ਭਰੋਸਾ

ਕੋਟਕਪੂਰਾ 03 ਫਰਵਰੀ : ਪਿੰਡ ਖਾਰਾ ਵਿੱਚ ਕਈ ਪਸ਼ੂਆਂ ਦਾ ਬਿਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਹੋ ਰਹੇ ਨੁਕਸਾਨ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸੰਧਵਾਂ ਨੇ ਪੰਜਾਬ ਦੇ ਪਸ਼ੂਪਾਲਣ ਮੰਤਰੀ ਨਾਲ ਗੱਲਬਾਤ ਕਰਕੇ ਪਸ਼ੂਆਂ ਦੀ ਦੇਖਭਾਲ ਦੇ ਢੁੱਕਵੇਂ ਉਪਰਾਲੇ ਕਰਨ ਲਈ ਗੱਲਬਾਤ ਕੀਤੀ । ਪਿੰਡ ਵਾਸੀਆਂ ਜੱਗਾ ਖਾਰਾ, ਗੁਰਤੇਜ ਸਿੰਘ, ਤੇਜਿੰਦਰ ਸਿੰਘ ਖਾਰਾ, ਬਿਕਰਮਜੀਤ ਸਿੰਘ, ਕਿਸਾਨ ਆਗੂ ਕਾਕਾ ਬਰਾੜ ਖਾਰਾ, ਗੁਰਪ੍ਰਤਾਪ ਸਿੰਘ ਕੈਰੀ ਬਰਾੜ, ਹਰਚਰਨ ਸਿੰਘ ਹੈਪੀ, ਗੁਰਸੇਵਕ ਸਿੰਘ ਨੇ ਦੱਸਿਆ ਕਿ ਇਹ ਮਸਲਾ ਸਪੀਕਰ ਸਾਹਿਬ ਦੇ ਧਿਆਨ ਵਿੱਚ ਆਉਣ ਉਪਰੰਤ ਵਿਭਾਗ ਦੀਆਂ ਨੌ ਟੀਮਾਂ ਨੇ ਪਿੰਡ ਪਹੁੰਚ ਕੇ ਬਿਮਾਰੀ ਦੀ ਰੋਕਥਾਮ ਲਈ ਜੰਗੀ ਪੱਧਰ ਤੇ ਉਪਰਾਲੇ ਸ਼ੁਰੂ ਕੀਤੇ।ਪਸ਼ੂਪਾਲਣ ਵਿਭਾਗ ਦੇ ਡਾਇਰੈਕਟਰ ਵੱਲੋ ਵੀ ਖੁਦ ਪਿੰਡ ਦਾ ਦੌਰਾ ਕਰਕੇ ਹਲਾਤਾਂ ਦਾ ਜਾਇਜਾ ਲਿਆ ਗਿਆ ਅਤੇ ਬਿਮਾਰੀ ਦੀ ਰੋਕਥਾਮ ਲਈ ਢੁੱਕਵੇਂ ਨਿਰਦੇਸ਼ ਜਾਰੀ ਕੀਤੇ । ਸਪੀਕਰ ਸੰਧਵਾ ਵੱਲੋ ਡਿਪਟੀ ਕਮਿਸ਼ਨਰ, ਫਰੀਦਕੋਟ ਤੋਂ ਇਲਾਵਾ ਪਸ਼ੂਪਾਲਣ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਉਨ੍ਹਾਂ ਨੂੰ ਰੋਜ਼ਾਨਾ ਅਪਡੇਟ ਕਰਨ ਦੀ ਤਾਕੀਦ ਕੀਤੀ । ਸਪੀਕਰ ਸੰਧਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਪਸ਼ੂ ਪਾਲਕ ਵੀਰ ਦੁੱਧ ਘਟਣ ਦੇ ਡਰੋਂ ਵੈਕਸੀਨ ਨਹੀਂ ਕਰਵਾਉਂਦੇ, ਜਿਸ ਕਾਰਨ ਇਸ ਤਰ੍ਹਾਂ ਦੇ ਮੰਦਭਾਗੇ ਨਤੀਜੇ ਸਾਹਮਣੇ ਆਉਂਦੇ ਹਨ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਜਾਂਚ ਕਰਵਾ ਕਿ ਅਣਗਿਹਲੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਓਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਾਕਟਰ ਸਾਹਿਬਾਨ ਵੱਲੋ ਦੱਸੀਆ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੋ ਪ੍ਰਹੇਜ਼ ਡਾਕਟਰਾਂ ਦੁਆਰਾ ਦੱਸੇ ਗਏ ਹਨ, ਓਹਨਾਂ ਦਾ ਪਾਲਣ ਕੀਤਾ ਜਾਵੇ।