ਸਪੀਕਰ ਸੰਧਵਾਂ ਨੇ ਦੁਕਾਨਦਾਰ ਲੱਕੀ ਗੁਪਤਾ ਦੀ ਹੌਸਲਾ ਅਫਜ਼ਾਈ ਕੀਤੀ!

  • ਮਨੁੱਖਤਾ ਦੀ ਸੇਵਾ ਸੰਸਥਾ ਦੀ ਬਦੌਲਤ ਲੱਕੀ ਗੁਪਤਾ ਹੋਏ ਸਿਹਤਯਾਬ

ਕੋਟਕਪੂਰਾ, 24 ਸਤੰਬਰ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਅੱਜ ਮਨੁੱਖਤਾ ਦੀ ਸੇਵਾ ਸੰਸਥਾ ਦੀ ਬਦੌਲਤ ਸਥਾਨਕ ਮੇਨ ਬਾਜ਼ਾਰ ਵਿੱਚ ਸਥਿਤ ਕਰਿਆਣੇ ਦੇ ਦੁਕਾਨਦਾਰ ਲੱਕੀ ਗੁਪਤਾ,ਜੋ ਕਿ ਮਨੁੱਖਤਾ ਦੀ ਸੇਵਾ ਸੰਸਥਾ ਦੀ ਬਦੌਲਤ ਸਿਹਤਯਾਬ ਹੋਏ, ਦੀ ਹੌਸਲਾ ਅਫਜ਼ਾਈ ਲਈ ਉਸ ਦੀ ਦੁਕਾਨ ਤੇ ਪਹੁੰਚੇ । ਸਪੀਕਰ ਸੰਧਵਾਂ ਨੇ ਮਨੁੱਖਤਾ ਦੀ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਿੰਟੂ ਦੀ ਟੀਮ ਵੱਲੋਂ ਮਨੁੱਖਤਾ ਦੀ ਭਲਾਈ ਵਾਲੇ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਥਾ ਦੀ ਬਦੌਲਤ ਲੱਕੀ ਗੁਪਤਾ ਦੀ ਜ਼ਿੰਦਗੀ ਮੁੜ ਲੀਹ 'ਤੇ ਆਈ ਹੈ । ਸ.ਸੰਧਵਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਜ਼ਰੀਏ ਅਹਿਮ ਨਾਮ ਬਣਾਉਣ ਵਾਲੇ ਸਾਡੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਆਪਣੀ ਸੇਵਾ ਭਾਵਨਾ ਤਹਿਤ ਕੋਟਕਪੂਰਾ ਵਾਸੀ ਸਵਰਗੀ ਸੇਠ ਫ਼ਕੀਰ ਚੰਦ/ਮੰਗਤ ਰਾਏ ਦੇ ਪਰਿਵਾਰਕ ਮੈਂਬਰ ਲੱਕੀ ਗੁਪਤਾ ਦੀ ਜਿੰਦਗੀ 'ਚ ਇੱਕ ਵੱਡਾ ਬਦਲਾਅ ਲੈ ਕੇ ਆਏ ‌ ਹਨ। ਉਨਾਂ ਕਿਹਾ ਕਿ ਲੱਕੀ ਨੇ ਆਪਣੀ ਦੁਕਾਨ ਮੁੜ ਸ਼ੁਰੂ ਕਰ ਲਈ ਹੈ, ਸੋ ਮਿੰਟੂ ਦੇ ਵਡਮੁੱਲੇ ਕਾਰਜਾਂ ਸਦਕਾ ਅਨੇਕਾਂ ਲੋਕਾਂ ਦੀਆਂ ਜਿੰਦਗੀਆਂ 'ਚ ਅਹਿਮ ਮੋੜ ਆਏ ਹਨ, ਜਿਸ ਲਈ ਮਨੁੱਖਤਾ ਦੀ ਸੇਵਾ ਵਾਲੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ । ਉਨ੍ਹਾਂ ਇਲਾਕਾ ਵਾਸੀਆਂ ਨੂੰ ਵੀ ਬੇਨਤੀ ਕੀਤੀ ਕਿ ਲੱਕੀ ਗੁਪਤਾ ਤੋਂ ਲੋੜੀਂਦੀਆਂ ਵਸਤਾਂ ਖਰੀਦ ਕੇ ਉਸਨੂੰ ਹੋਰ ਸਹਾਰਾ ਦਿੱਤਾ ਜਾਵੇ, ਤਾਂ ਜੋ ਉਹ ਫਿਰ ਤੋਂ ਦੁਬਾਰਾ ਆਪਣੀ ਖੁਸ਼ਹਾਲ ਜਿੰਦਗੀ ਬਤੀਤ ਕਰ ਸਕਣ।