ਸਪੀਕਰ ਸੰਧਵਾਂ ਨੇ ਵਿਸ਼ਵਕਰਮਾ ਦਿਵਸ ਤੇ ਕਿਰਤੀਆਂ ਨੂੰ ਦਿੱਤੀਆਂ ਵਧਾਈਆਂ 

  • ਦੋ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਬਾਬਾ ਵਿਸ਼ਵਕਰਮਾ ਧਰਮਸ਼ਾਲਾ ਬਰਗਾੜੀ ਦੇ ਸ਼ੈਡ ਦਾ ਕੀਤਾ ਉਦਘਾਟਨ
  • ਵੱਖ ਵੱਖ ਧਾਰਮਿਕ ਸਮਾਗਮਾਂ ਵਿੱਚ ਕੀਤੀ ਸ਼ਿਰਕਤ

ਫ਼ਰੀਦਕੋਟ 13 ਨਵੰਬਰ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਕਰਮਾ ਦਿਵਸ ਦੇ ਪਾਵਨ ਦਿਹਾੜੇ ਤੇ ਅੱਜ ਬਰਗਾੜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਵਿੱਚ ਸ਼ਿਰਕਤ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਅਤੇ ਧਰਮਸ਼ਾਲਾ ਦੇ ਸ਼ੈਡ ਦਾ ਉਦਘਾਟਨ ਕੀਤਾ। ਸਪੀਕਰ ਸੰਧਵਾਂ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਧਰਮਸ਼ਾਲਾ ਬਰਗਾੜੀ ਦੇ ਸ਼ੈਡ ਲਈ ਦੋ ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ। ਅੱਜ ਸ਼ੈਡ ਦਾ ਉਦਘਾਟਨ ਕਰਦਿਆਂ ਉਹਨਾਂ ਕਿਹਾ ਕਿ ਦਿੱਤੀ ਗਈ ਰਾਸ਼ੀ ਨੂੰ ਬਿਨਾਂ ਦੁਰਵਰਤੋਂ ਕੀਤੇ ਸਹੀ ਤਰੀਕੇ ਨਾਲ ਸਮੇਂ ਸਿਰ ਵਰਤਿਆ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸਨਅਤਾਂ ਦੇ ਵਿਕਾਸ ਲਈ ਉਪਰਾਲੇ ਕਰ ਰਹੀ ਹੈ, ਉਥੇ ਹੀ ਮਜਦੂਰ ਅਤੇ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਵਿਸ਼ਵਕਰਮਾ ਦਿਵਸ ’ਤੇ ਕਿਰਤੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ  ਕਿ ਹੋਰਾਂ ਨੂੰ ਵੀ ਇਨ੍ਹਾਂ ਗ੍ਰਾਂਟਾਂ ਦਾ ਸਮੇਂ ਸਿਰ, ਸਹੀ ਇਸਤੇਮਾਲ ਕਰ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹ ਪਿੰਡ ਵਾਂਦਰ ਜਟਾਣਾ, ਪਿੰਡ ਟਹਿਣਾ, ਅਤੇ ਕੋਟਕਪੂਰਾ ਵਿਖੇ ਵਿਸ਼ਵਕਰਮਾ ਦਿਵਸ ਸਬੰਧੀ ਸਮਾਗਮ ਵਿੱਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਨੂੰ ਕਿਰਤ ਦਾ ਦੇਵਤਾ ਕਿਹਾ ਜਾਂਦਾ ਹੈ। ਬਾਬਾ ਵਿਸ਼ਵਕਰਮਾ ਦੀ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਵਿਚ ਵੱਡੀ ਦੇਣ ਹੈ। ਇਸ ਉਪਰੰਤ ਸਪੀਕਰ ਸੰਧਵਾਂ ਨੇ ਰਾਮਗੜੀਆ ਸਿੰਘ ਸਭਾ ਗੁਰਦੁਆਰਾ ਕੋਟਕਪੂਰਾ ਵਿਖੇ ਅਖੰਡ ਪਾਠ ਦੇ ਭੋਗ ਵਿੱਚ ਵੀ ਸ਼ਿਰਕਤ ਕੀਤੀ। ਇਸ ਮੌਕੇ ਏਸ਼ੀਅਨ ਗੇਮਜ ਵਿੱਚ ਸੋਨ ਤਮਗਾ ਜਿੱਤਣ ਵਾਲੀ ਸਿਫਤ ਕੌਰ ਸਮਰਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹਨਾਂ ਕਿਹਾ ਕਿ ਸਿਫਤ ਕੌਰ ਸਮਰਾ ਨੇ ਨਾ ਸਿਰਫ ਪੰਜਾਬ ਦਾ  ਨਾਮ ਰੋਸ਼ਨ ਕੀਤਾ ਹੈ ਸਗੋਂ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸ. ਮਨਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ, ਨਰਿੰਦਰ ਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ, ਬਲਜੀਤ ਸਿੰਘ, ਪਰਮਿੰਦਰ ਸਿੰਘ,ਗੁਰਦੇਵ ਸਿੰਘ ਵਾਦਰ,ਰਣਜੀਤ ਸਿੰਘ ਪੱਪੂ,ਡਾ ਜਗਸੀਰ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।