ਸਪੀਕਰ ਸੰਧਵਾਂ ਵਲੋਂ ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਸਲਾਨਾ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ

ਜਗਰਾਓਂ, 08 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) :  ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ 'ਸਲਾਨਾ ਸਮਾਗਮ' ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਪੀਕਰ ਕੁਲਤਾਰ ਸਿੰਘ ਸੰਧਵਾ ਵਲੋਂ ਆਪਣੇ ਸੰਬੋਧਨ ਰਾਹੀਂ ਆਪਣੇ ਦੇਸ਼ ਵਿੱਚ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦੇ ਉੱਜਵਲ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ, ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਸੈਕਟਰੀ ਅਜਮੇਰ ਸਿੰਘ ਰੱਤੀਆਂ, ਸਤਵੀਰ ਸਿੰਘ ਸੇਖੋਂ, ਰਛਪਾਲ ਸਿੰਘ, ਰਵਿੰਦਰ ਕੌਰ ਜੌਹਲ ਨੇ ਵੀ ਇਸ ਪ੍ਰੋਗ੍ਰਾਮ ਵਿਚ ਸ਼ਮੂਲੀਅਤ ਕੀਤੀ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਕੈਨੇਡਾ ਤੋਂ ਪ੍ਰੋਗ੍ਰਾਮ ਦੀ ਸਮੂਹ ਬਲੌਜ਼ਮਜ਼ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਮੁੱਖ ਮਹਿਮਾਨ ਅਤੇ ਇਸ ਸਮਾਗਮ ਵਿਚ ਪਹੁੰਚੇ ਮਾਪਿਆਂ ਨੂੰ ਜੀ ਆਇਆ ਆਖਿਆ ਤੇ ਕਿਹਾ ਕਿ ਅੱਜ ਦੇ ਇਸ ਪ੍ਰੋਗ੍ਰਾਮ ਦੀ ਬੱਚਿਆਂ ਨੂੰ ਬੇਸਬਰੀ ਨਾਲ ਉਡੀਕ ਹੁੰਦੀ ਹੈ। ਉਨ੍ਹਾਂ ਨੇ ਆਪੋ-ਆਪਣੀ ਕਲਾ ਨੂੰ ਸਟੇਜ ੋਤੇ ਦਿਖਾਉਣਾ ਹੁੰਦਾ ਤੇ ਕਈ ਦਿਨਾਂ ਤੋਂ ਚਲ ਰਹੀ ਮਿਹਨਤ ਨੂੰ ਪ੍ਰਦਰਸ਼ਿਤ ਕਰਕੇ ਵਾਹ-ਵਾਹ ਖੱਟਣੀ ਹੁੰਦੀ ਹੈ। ਇਸ ਸਮਾਗਮ ਵਿਚ ਨਾਟਕ, ਕੋਰੀਓਗ੍ਰਾਫੀ, ਗੀਤ-ਸੰਗੀਤ, ਭੰਗੜਾ, ਗਿੱਧਾ ਦੇ ਹਰ ਰੰਗ ਦੇਖਣ ਨੂੰ ਮਿਲੇ ਅਤੇ ਸਾਡੇ ਪ੍ਰਾਂਤਕ ਨਾਚਾਂ ਨੇ ਸਰੋਤਿਆਂ ਦੇ ਦਿਲ ਜਿੱਤ ਲਏ। ਬੱਚਿਆਂ ਨੇ ਆਪਣੇ ਅੰਦਰ ਦੀ ਕਲਾਕਾਰੀ ਨੂੰ ਸਟੇਂ 'ਤੇ ਖੁੱਲ ਕੇ ਪ੍ਰਦਰਸ਼ਿਤ ਕੀਤਾ। ਅਲੱਗ-ਅਲੱਗ ਗਤੀਵਿਧੀਆਂ ਰਾਹੀਂ ਇਸ ਪ੍ਰੋਗ੍ਰਾਮ ਦੀ ਇਕ ਵੱਖਰੀ ਦਿਖ ਸੀ। ਅਧਿਆਪਕਾਂ ਦੁਆਰਾ ਸਿਖਾਏ ਗੁਰਾਂ ਨੂੰ ਉਨ੍ਹਾਂ ਨੇ ਆਪਣੇ ਇਸ ਸਮਾਗਮ ਨੂੰ ਹੋਰ ਚਾਰ ਚੰਨ ਲਾਏ। ਸਾਰਾ ਪ੍ਰੋਗਰਾਮ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਤੇ ਸਕੂਲ ਦੀਆਂ ਖੇਡਾਂ ਅਤੇ ਪੜ੍ਹਾਈ ਜਾਂ ਫਿਰ ਹਰ ਖਿੱਤੇ ਵਿਚ ਕੀਤੀਆਂ ਪ੍ਰਾਪਤੀਆਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਮਾਪਿਆਂ ਦੀ ਸ਼ਮੂਲੀਅਤ ਨੇ ਇਸ ਪ੍ਰੋਗਰਾਮ ਦੀ ਹੋਰ ਸ਼ਾਨ ਵਧਾ ਦਿੱਤੀ। ਇਸ ਸਮਾਗਮ ਨੂੰ ਦੇਖ ਕੇ ਬੱਚਿਆਂ ਦੀ ਕੀਤੀ ਮਿਹਨਤ ਦਾ ਰੂਪ ਸਭ ਦੇ ਸਾਹਮਣੇ ਆਉਂਦਾ ਹੈ। ਸਕੂਲ ਇਕੱਲੇ ਇੰਨ੍ਹਾਂ ਪ੍ਰੋਗਰਾਮਾਂ ਕਰਕੇ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਆਪਣੇ ਨਤੀਜਿਆਂ ਕਰਕੇ ਵੀ ਮੋਹਰਲੀ ਕਤਾਰ ਵਿਚ ਹੈ। ਅਸੀਂ ਆਪਣੇ ਬੱਚਿਆਂ ਨੂੰ ਹਰ ਪੱਖ ਤੋਂ ਐਨੀਆਂ ਪੱਕੀਆਂ ਨੀਹਾਂ ਦੇ ਧਾਰਨੀ ਬਣਾ ਕੇ ਅੱਗੇ ਤੋਰਦੇ ਹਾਂ ਕਿ ਉਹ ਆਪਣੇ ਜੀਵਨ ਦੀਆਂ ਉਨ੍ਹਾਂ ਉਚਾਈਆਂ ਨੂੰ ਫਤਿਹ ਕਰ ਲੈਂਦੇ ਹਨ, ਜਿੰਨ੍ਹਾਂ ਦੇ ਸੁਪਨੇ ਉਨ੍ਹਾਂ ਦੇ ਮਾਪੇ ਦੇਖਦੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ, ਜਿੰਨ੍ਹਾਂ ਅਨੁਸ਼ਾਸਨ ਵਿਚ ਸਾਥ ਦਿੱਤਾ ਤੇ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪਹੁੰਚ ਕੇ ਇਸ ਪ੍ਰੋਗ੍ਰਾਮ ਦੀ ਸ਼ਾਨ ਵਧਾਈ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸਕੂਲ ਵਿਚ ਬਣੇ ਰਿਕਾਰਡਿੰਗ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰਕਾਰ ਕਈ ਰੰਗਾਂ ਦੀ ਰੰਗੋਲੀ ਵਿਚ ਭਰਿਆ ਇਹ ਸਮਾਗਮ ਸ਼ਾਨੋ-ਸ਼ੌਕਤ ਨਾਲ ਹੋ ਨਿੱਬੜਿਆ।