ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਰਵਾਈ ਗਈ ਗੀਤ ਵਰਕਸ਼ਾਪ 

ਲੁਧਿਆਣਾ, 21 ਮਈ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ ਵਿਖੇ ਗੀਤ ਵਰਕਸ਼ਾਪ ਕਰਵਾਈ ਗਈ ਜਿਸ ਦੇ ਮੁੱਖ ਮਹਿਮਾਨ ਸ. ਸੁਰਿੰਦਰ ਸਿੰਘ ਸੁੰਨੜ ਮੁੱਖ ਸੰਪਾਦਕ ਮਾਸਿਕ ਪੱਤਰ ਆਪਣੀ ਆਵਾਜ਼ ਸਨ। ਪ੍ਰਧਾਨਗੀ ਮੰਡਲ ਵਿਚ ਪ੍ਰੋ. ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ,ਡਾ. ਲਖਵਿੰਦਰ ਸਿੰਘ ਜੌਹਲ,ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ,ਡਾ. ਮਨਜਿੰਦਰ ਸਿੰਘ, ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਕੁਲਦੀਪ ਸਿੰਘ ਦੀਪ ਜਨ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਸ਼ਾਮਲ ਸਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਉਦਘਾਟਨੀ ਭਾਸ਼ਨ ਦੇਂਦਿਆਂ ਕਿਹਾ ਕਿ ਗੀਤ ਦੀ ਸੰਵੇਦਨਾ ਅਤੇ ਪ੍ਰਭਾਵ ਨੂੰ ਸਮਝਣਾ ਓਨਾ ਹੀ ਜ਼ਰੂਰੀ ਹੈ ਜਿੰਨੀ ਤਕਨੀਕ ਨੂੰ ਸਮਝਣਾ। ਗੀਤ ਜਦੋਂ ਲੋਕਾਂ ਵਿੱਚ ਜਾਂਦਾ ਹੈ ਤਾਂ ਗੀਤ ਦੀ ਅਸਲ ਸ਼ਨਾਖ਼ਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਬਾਜ਼ਾਰ ਨੇ ਵਿਸ਼ੇ ਨੂੰ, ਗਾਇਕ ਨੂੰ, ਗੀਤਕਾਰ ਨੂੰ ਸਾਥੋਂ ਖੋਹ ਲਿਆ ਹੈ ਅਤੇ ਆਪਣੇ ਹੱਥ ਵਿੱਚ ਖਿਡੌਣਾ ਬਣਾ ਕੇ ਮੁਨਾਫ਼ੇ ਲਈ ਵਰਤ ਰਿਹਾ ਹੈ। ਅਸਲ ਵਿਚ ਅੱਜ ਕਲ੍ਹ ਸ਼ਬਦ ਮਰ ਰਿਹਾ ਹੈ ਤੇ ਬੀਟ ਦੀ ਧਮਕ ਦੇਖੀ ਜਾਂਦੀ ਹੈ। ਸਮਾਗਮ ਦੇ ਮੁੱਖ ਮਹਿਮਾਨ ਸ. ਸੁਰਿੰਦਰ ਸਿੰਘ ਸੁੰਨੜ ਸੰਪਾਦਕ ਆਪਣੀ ਆਵਾਜ਼ ਨੇਵਿਚਾਰ ਸਾਂਝੇ ਕਰਦਿਆਂਕਿਹਾ ਕਿ ਵਧੀਆ ਗੀਤ ਉਹੀ ਹੈ ਜਿਸ ਦੀ ਧੁਨ ਤੋਂ ਹੀ ਉਹਦੇ ਸੁਭਾਅ ਦਾ ਪਤਾ ਲੱਗ ਜਾਏ। ਪੰਜਾਬੀ ਵਰਗੇ ਵੰਨ ਸੁਵੰਨੇ ਗੀਤ ਦੁਨੀਆਂ ਦੀ ਕਿਸੇ ਹੋਰ ਭਾਸ਼ਾ ਵਿਚ ਨਹੀਂ ਰਚੇ ਜਾਂਦੇ। ਪੰਜਾਬੀ ਗੀਤ ਦੀ ਵਿਸ਼ਵ ਸਰਦਾਰੀ ਹੋਣ ਦਾ ਕਾਰਨ ਵੀ ਇਸ ਦੀ ਵੰਨ ਸੁਵੰਨਤਾ ਹੈ। ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਸਾਡੇ ਸਮਰੱਥ ਸ਼ਾਇਰ ਗੀਤ ਤਾਂ ਲਿਖਦੇ ਹਨ ਪਰ ਆਪਣੀ ਇਸ ਰਚਨਾ ਤੇ ਕਵਿਤਾ ਜਿੰਨਾ ਮਾਣ ਨਹੀਂ ਕਰਦੇ। ਇਸ ਸਵੈਮਾਣ ਨੂੰ ਪੁਨਰ ਸੁਰਜੀਤ ਕਰਨ ਦੀ ਲੋੜ ਹੈ। ਸਾਡੇ ਕੋਲ ਗੀਤਕਾਰੀ ਦੀ ਅਮੀਰ ਪਰੰਪਰਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਗੀਤ ਮਨੁੱਖੀ ਮਨ ਦੇ ਬੇਰੋਕ ਜਜ਼ਬਿਆਂ ਦਾ ਸੰਵੇਦਨਾਤਮਕ ਪ੍ਰਗਟਾਅ ਹੈ। ਉਨ੍ਹਾਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਅਕਾਡਮੀ ਦੇ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਵਰਕਸ਼ਾਪ ਮੌਕੇ ‘ਗੀਤ, ਸਿਧਾਂਤ ਅਤੇ ਵਿਹਾਰ’ ਬਾਰੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਡਾ. ਮਨਜਿੰਦਰ ਸਿੰਘ ਮੁਖੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕਿਹਾ ਹਰੇਕ ਗਾਈ ਜਾਣ ਵਾਲੀ ਰਚਨਾ ਗੀਤ ਨਹੀਂ ਹੁੰਦੀ ਪਰ ਗੀਤ ਗਾਇਆ ਜਾ ਸਕਣ ਵਾਲਾ ਜ਼ਰੂਰ ਹੁੰਦਾ ਹੈ।  ਉਨ੍ਹਾਂ ਕਿਹਾ ਜੇਕਰ ਕਿਸੇ ਸਮਾਜ ਦੇ ਸਮੂਹਕ ਮਨ ਨੂੰ ਸਮਝਣਾ ਹੈ ਤਾਂ ਉਸ ਦੇ ਗੀਤਾਂ ਨੂੰ ਸੁਣੋ। ਗੀਤ ਸਮਾਜ ਨੂੰ ਪ੍ਰਭਾਵਤ  ਕਰਨ ਜਾਂ ਨਾ ਪਰ ਗੀਤ ਸਮਾਜ ਨੂੰ ਪੇਸ਼  ਜ਼ਰੂਰ ਕਰਦੇ ਹਨ।  ਗੀਤ “ਗੈ’ ਧਾਤੂ ਤੋਂ ਬਣਿਆ ਜਿਸ ਦਾ ਅਰਥ ਹੈ “ਗਾਇਆ ਹੋਇਆ’ ਸੋ ਗੀਤ ਅਜਿਹੀ ਰਚਨਾ ਹੈ ਜਿਸ ਨੂੰ ਗਾਇਆ ਜਾ ਸਕੇ। ਗੀਤ ਕਿਸੇ ਇਕ ਫਿਰਕੇ, ਖਿੱਤੇ ਜਾਂ ਸੂਬੇ ਦਾ ਨਹੀਂ ਸਗੋਂ ਆਲਮੀ ਪ੍ਰਭਾਵ ਵਾਲਾ ਹੁੰਦਾ ਹੈ। ਡਾ. ਕੁਲਦੀਪ ਸਿੰਘ ਦੀਪ ਨੇ ਆਪਣਾ ਖੋਜ-ਪੱਤਰ ਪੜ੍ਹਦਿਆਂ ਕਿਹਾ ਕਿ ਗੀਤ ਨੂੰ ਵਰਤਮਾਨ ਸੰਦਰਭ ਵਿਚ ਪੇਸ਼ ਕਰਦਿਆਂ  ਕਿਹਾ ਕਿ ਗੀਤ ਬੰਦੇ ਨੂੰ ਬੰਦੇ ਨਾਲ ਜੋੜ ਕੇ ਸਮੁੱਚੇ ਸਮਾਜ ਨਾਲ ਜੋੜਦਾ ਹੈ। ਗੀਤ ਭਾਵਾਂ ਦੀ ਅਭਿਵਿਅਕਤੀ ਦਾ ਸਿਖ਼ਰ ਹੁੰਦਾ ਹੈ। ਉਨ੍ਹਾਂ ਗੀਤਾਂ ਦੀ ਵੰਡ ਕਰਦਿਆਂ ਲੋਕਗੀਤ,ਲੋਕ ਪੱਖੀ ਗੀਤ, ਸਾਹਿਤਕ ਗੀਤ ਅਤੇ ਪਾਪੂਲਰ ਗੀਤਾਂ ਦਾ ਆਧਾਰ ਮੰਨਿਆ। ਸਮਾਗਮ ਦੇ ਕਨਵੀਨਰ ਸ੍ਰੀ ਜਸਵੀਰ ਝੱਜ ਨੇ ਮੰਚ ਸੰਚਾਲਨ ਕਰਦਿਆਂ ਗੀਤ ਬਾਰੇ ਜਾਣਕਾਰੀ ਦਿੰਦਿਆਂ ਆਪਣੇ ਅੰਦਾਜ਼ ਵਿਚ ਸਮਾਗਮ  ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਤੇ ਨੇਪਰੇ ਚਾੜ੍ਹਿਆ। ਡਾ. ਸੁਰਜੀਤ ਬਰਾੜ, ਹਰਬੰਸ ਮਾਲਵਾ, ਡਾ. ਗੁਲਜ਼ਾਰ ਸਿੰਘ ਪੰਧੇਰ, ਅਮਰਜੀਤ ਸ਼ੇਰਪੁਰੀ,ਦੀਪ ਦਿਲਬਰ, ਮਾਂਗਟ ਅਤੇ ਗੀਤਕਾਰਾਂ ਨੇ ਵਿਦਵਾਨਾਂ ਤੋਂ ਪ੍ਰਸ਼ਨ ਪੁੱਛੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਕਵੀ  ਤ੍ਰੈਲੋਚਨ ਲੋਚੀ, ਕੇ. ਸਾਧੂ ਸਿੰਘ, ਡਾਃ ਸੰਤੋਖ ਸਿੰਘ ਸੁੱਖੀ, ਹਰਬੰਸ ਮਾਲਵਾ, ਸੁਰਿੰਦਰ ਕੈਲੇ, ਸ. ਗੁਰਪ੍ਰੀਤ ਸਿੰਘ ਤੂਰ, ਰਾਮ ਸਿੰਘ ਪੀ ਸੀ ਐੱਸ,ਡਾ.ਨਿਰਮਲ ਜੌੜਾ, ਮਨਦੀਪ ਕੌਰ ਭਮਰਾ, ਪਰਮਜੀਤ ਕੌਰ ਮਹਿਕ, ਸੁਰਿੰਦਰ ਦੀਪ, ਕੁਲਵਿੰਦਰ ਕਿਰਨ, ਹਰਦੀਪ ਢਿੱਲੋਂ, ਅੰਸ਼, ਅਮਲ, ਮੰਚੀਨ, ਡਾ. ਬਲਵਿੰਦਰ ਸਿੰਘ ਗਲੈਕਸੀ, ਰਵਿੰਦਰ ਰਵੀ, ਭਗਵਾਨ ਢਿੱਲੋਂ, ਪ੍ਰਭਜੋਤ ਸੋਹੀ, ਪਰਮਿੰਦਰ ਅਲਬੇਲਾ, ਭੁਪਿੰਦਰ ਸਿੰਘ ਚੌਕੀਮਾਨ, ਗੁਰਸੇਵਕ ਸਿੰਘ ਢਿੱਲੋਂ, ਦਰਸ਼ਨ ਸਿੰਘ ਢੋਲਣ, ਅਮਰਜੀਤ ਸ਼ੇਰਪੁਰੀ, ਅਮਰਜੀਤ ਕੌਰ,ਰਾਜਦੀਪ ਸਿੰਘ ਤੂਰ, ਅਮਨਪ੍ਰੀਤ ਸਿੰਘ ਘੇਈ, ਜਸਪ੍ਰੀਤ ਕੌਰ ਮਾਂਗਟ, ਗੁਰਮੀਤ ਕੌਰ ਗਰੇਵਾਲ, ਅਵਤਾਰ ਸਿੰਘ ਧਮੋਟ, ਮਨੂੰ ਬੁਆਣੀ, ਸੁਰਜੀਤ ਸਿੰਘ ਲਾਂਬੜਾ, ਦਲਵੀਰ ਲੁਧਿਆਣਵੀ, ਸੁਰਜੀਤ ਸਿੰਘ ਕਾਲੇਕੇ ਸਮੇਤ ਕਾਫ਼ੀ ਗਿਣਤੀ ਵਿਚ  ਲੇਖਕ ਅਤੇ ਸਰੋਤੇ ਹਾਜ਼ਰ ਸਨ।