ਲੁਧਿਆਣਾ ’ਚ ਰਾਹੁਲ ਗਾਂਧੀ ਦੀ ਯਾਤਰਾ ਦੇ ਵਿਰੋਧ ਕਿਸੇ ਨੇ ਲਾਏ ਪੋਸਟਰ

ਲੁਧਿਆਣਾ, 11 ਜਨਵਰੀ : ਪੰਜਾਬ ’ਚ ਅੱਜ ਰਾਹੁਲ ਗਾਂਧੀ ਦੀ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ ਤੇ ਵੀਰਵਾਰ ਇਹ ਯਾਤਰਾ ਲੁਧਿਆਣਾ ਪੁੱਜ ਰਹੀ ਹੈ। ਲੁਧਿਆਣਾ ਸ਼ਹਿਰ ਵਿੱਚ ਰਾਹੁਲ ਗਾਂਧੀ ਦੀ ਯਾਤਰਾ ਦਾ ਵਿਰੋਧ ਸ਼ੁਰੂ ਹੋਇਆ ਹੈ। ਲੁਧਿਆਣਾ ਦੇ ਕਾਂਗਰਸ ਭਵਨ ਦੇ ਬਾਹਰ ਤੇ ਨੇੜੇ ਦੀਆਂ ਇਮਾਰਤਾਂ ’ਤੇ ਕਿਸੇ ਅਗਿਆਤ ਵਿਅਕਤੀ ਵਲੋਂ ਕਾਂਗਰਸੀ ਵਿਰੋਧੀ ਪੋਸਟਰ ਲਗਾ ਦਿੱਤੇ ਹਨ। ਪੋਸਟਰ ’ਤੇ ਲਿਖਿਆ ਹੈ ਕਿ ‘ਰਾਹੁਲ ਗਾਂਧੀ ਜਵਾਬ ਦੇਣ ਕਿ 1947 ਭਾਰਤ ਨੂੰ ਤੋੜਿਆ ਗਿਆ 20 ਲੱਖ ਨਿਰਦੋਸ਼ ਮਾਰੇ ਗਏ। 1984 ਦੇ ਦੰਗਿਆਂ ’ਚ ਸੈਕੜੇ ਨਿਰਦੋਸ਼ ਮਾਰੇ ਗਏ। 1984 ’ਚ ਕਾਂਗਰਸ ਨੇ ਸਿੱਖ ਸਮਾਜ ਨੂੰ ਤੋੜਨ ਦਾ ਕੰਮ ਕੀਤਾ। 1984 ’ਚ ਸਿੱਖ ਸਮਾਜ ਤੇ 1947 ’ਚ ਕਾਂਗਰਸ ਨੇ ਦੇਸ਼ ਤੋੜਨ ਦਾ ਕੰਮ ਕੀਤਾ।’ ਪੁਲਸ ਦੇ ਹੱਥ-ਪੈਰ ਫੁੱਲੇ, ਜਾਂਚ ਸ਼ੁਰੂ ਇਲਾਕੇ ਦੇ ਲੋਕਾਂ ਨੇ ਸਵੇਰੇ ਜਦੋਂ ਕਾਂਗਰਸ ਭਵਨ ਦੇ ਬਾਹਰ ਲੱਗੇ ਪੋਸਟਰ ਦੇਖੇ ਤਾਂ ਹੰਗਾਮਾ ਹੋ ਗਿਆ। ਲੋਕਾਂ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਸੂਚਨਾ ਦਿੱਤੀ। ਐਸਐਚਓ ਸੰਜੀਵ ਕਪੂਰ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਪੁਲੀਸ ਨੇ ਇਲਾਕੇ ਵਿੱਚ ਲੱਗੇ ਸਾਰੇ ਪੋਸਟਰਾਂ ਨੂੰ ਵੀਡੀਓਗ੍ਰਾਫੀ ਕਰਕੇ ਹਟਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਹਰਕਤ ਨੂੰ ਸ਼ਰਾਰਤੀ ਅਨਸਰਾਂ ਨੇ ਅੰਜਾਮ ਦਿੱਤਾ ਹੈ। ਇਸ ਸਬੰਧੀ ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਦੇਖਿਆ ਜਾ ਰਿਹਾ ਹੈ ਕਿ ਇਹ ਪੋਸਟਰ ਕਿਸ ਨੇ ਲਾਏ ਹਨ। ਇਸ ਦੇ ਨਾਲ ਹੀ ਮਾਮਲੇ ’ਚ ਕੁਝ ਲੋਕਾਂ ਤੋਂ ਪੁੱਛਗਿੱਛ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਆਗੂਆਂ ਵਿੱਚ ਗੁੱਸਾ ਹੈ। ਆਗੂਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ ਫੇਰੀ ਨਾਲ ਵਿਰੋਧੀ ਹਿਲਾ ਕੇ ਰਹਿ ਗਏ ਹਨ। ਯਾਤਰਾ ਵਿੱਚ ਵਿਘਨ ਪਾਉਣ ਲਈ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਰਾਹੁਲ ਨੂੰ ਪੰਜਾਬ ਦੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਪੁਲਿਸ ਨੂੰ ਪੋਸਟਰ ਲਗਾਉਣ ਵਾਲੇ ਲੋਕਾਂ ਦੀ ਸਖ਼ਤੀ ਨਾਲ ਜਾਂਚ ਕਰਨੀ ਚਾਹੀਦੀ ਹੈ। ਪੰਜਾਬ ’ਚ ਸ਼ੁਰੂ ਹੋਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੰਡੀ ਗੋਬਿੰਦਗੜ੍ਹ ਤੋਂ ਅਗਲੇ ਪੜਾਅ ਲਈ ਪੈਦਲ ਚੱਲਦੇ ਹੋਏ ਸ਼ਾਮ ਕਰੀਬ 6.10 ਵਜੇ ਖੰਨਾ ਪਹੁੰਚੀ। ਰਸਤੇ ’ਚ ਹਲਕੀ-ਹਲਕੀ ਬਾਰਿਸ਼ ਹੋਈ ਪਰ ਰਾਹੁਲ ਗਾਂਧੀ ਦੇ ਕਦਮ ਅੱਗੇ ਵਧਦੇ ਰਹੇ। ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਮਰਥਕ ਅੱਜ ਰਾਤ ਖੰਨਾ ’ਚ ਠਹਿਰਣਗੇ। ਇਹ ਯਾਤਰਾ ਵੀਰਵਾਰ ਸਵੇਰੇ ਤੋਂ ਮੁੜ ਸ਼ੁਰੂ ਹੋਣੀ ਹੈ। ਦੁਪਹਿਰ 12 ਵਜੇ ਯਾਤਰਾ ਸਮਰਾਲਾ ਚੌਕ ਵਿਖੇ ਰੁਕੇਗੀ। ਇਹ 25 ਕਿਲੋਮੀਟਰ ਦਾ ਰਸਤਾ ਯਾਤਰਾ ਬਿਨਾਂ ਰੁਕੇ ਹੋਵੇਗੀ ਅਤੇ ਇਸ ਵਿਚਕਾਰ ਸਿਰਫ ਟੀ-ਬ੍ਰੇਕ ਲਿਆ ਜਾਵੇਗਾ।