ਜ਼ਿਲਾ ਸੰਗਰੂਰ ਦੇ 145 ਪਿੰਡਾਂ ਵਿੱਚ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟ 

  • ਪਿੰਡਾਂ ਦੇ ਲੋਕਾਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਇਕੱਤਰ ਕਰਨ ਬਾਰੇ ਮਿਲੇਗੀ ਸਿਖਲਾਈ
  • ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ 

ਸੰਗਰੂਰ, 12 ਜੁਲਾਈ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਸੰਗਰੂਰ ਵਿੱਚ ਪ੍ਰਸ਼ਾਸਨ ਵੱਲੋਂ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਪਿੰਡਾਂ ਵਿੱਚ ਲੋਕਾਂ ਦੀ ਸੁਵਿਧਾ ਲਈ ਥਾਪਰ ਮਾਡਲ ਉੱਤੇ ਆਧਾਰਤ ਤਰਲ ਕੂੜਾ ਪ੍ਰਬੰਧਨ ਇਕਾਈਆਂ ਦੇ ਸਫਲਤਾਪੂਰਵਕ ਚੱਲਣ ਤੋਂ ਬਾਅਦ ਹੁਣ ਜ਼ਿਲਾ ਸੰਗਰੂਰ ਦੇ 145 ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਇਕਾਈਆਂ ਦੀ ਸਥਾਪਨਾ ਕਰਨ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਨਿਗਰਾਨੀ ਹੇਠ ਜ਼ਿਲੇ ਦੇ ਵੱਖ-ਵੱਖ 8 ਬਲਾਕਾਂ ਵਿੱਚ ਪਿੰਡਾਂ ਦੇ ਲੋਕਾਂ ਨੂੰ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਕਰਨ ਦੀ ਸਿਖਲਾਈ ਸਮਾਜ ਸੇਵੀ ਸੰਗਠਨ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਪ੍ਰਗਤੀ ਅਧੀਨ ਹੈ। ਉਹਨਾਂ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਇਸ ਕਾਰਜ ਨੂੰ ਸਫਲਤਾ ਨਾਲ ਨੇਪਰੇ ਚੜਾਉਣ ਲਈ ਪੰਚਾਇਤੀ ਰਾਜ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਐਨ.ਜੀ.ਓਜ਼ ਅਤੇ ਸਵੈ ਸਹਾਇਤਾ ਸਮੂਹਾਂ ਦੀ ਮਦਦ ਨਾਲ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਠੋਸ ਕੂੜਾ ਪ੍ਰਬੰਧਨ ਦੇ ਇਹ ਪ੍ਰੋਜੈਕਟ ਬਲਾਕ ਧੂਰੀ ਦੇ 27 ਪਿੰਡਾਂ, ਬਲਾਕ ਸ਼ੇਰਪੁਰ ਦੇ 8 ਪਿੰਡਾਂ, ਬਲਾਕ ਭਵਾਨੀਗੜ੍ਹ ਦੇ 66 ਪਿੰਡਾਂ, ਬਲਾਕ ਸੰਗਰੂਰ ਦੇ 16 ਪਿੰਡਾਂ, ਬਲਾਕ ਸਨਾਮ ਦੇ 6 ਪਿੰਡਾਂ ਬਲਾਕ ਦਿੜਬਾ ਦੇ 8 ਪਿੰਡਾਂ, ਬਲਾਕ ਲਹਿਰਾਂ ਦੇ 7 ਪਿੰਡਾਂ ਅਤੇ ਬਲਾਕ ਅੰਨਦਾਣਾ ਦੇ 8 ਪਿੰਡਾਂ ਵਿੱਚ ਆਰੰਭ ਕਰਨ ਦੇ ਪ੍ਰਕਿਰਿਆ ਚੱਲ ਰਹੀ ਹੈ ਅਤੇ ਅਗਲੇ ਦੋ ਮਹੀਨਿਆਂ ਵਿੱਚ ਇਸ ਨੂੰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਨਾਲ ਪਿੰਡਾਂ ਦੇ ਵਿੱਚ ਅੰਦਰੂਨੀ ਪੱਧਰ ਤੇ ਲੋੜਵੰਦਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਅਤੇ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਗਿੱਲਾ ਤੇ ਸੁੱਕਾ ਕੂੜਾ ਲੋਕਾਂ ਦੇ ਘਰਾਂ ਵਿੱਚੋਂ ਇਕੱਤਰ ਕਰਨ ਲਈ ਰਿਕਸ਼ਾ ਰੇਹੜੀ ਤੇ ਵੱਖ ਵੱਖ ਡਸਟਬਿਨ ਉਪਲਬਧ ਕਰਵਾਏ ਜਾਣਗੇ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਅੰਡਰ ਟ੍ਰੇਨਿੰਗ ਡਾ. ਆਦਿਤਿਆ, ਐਕਸੀਅਨ ਹਨੀ ਗੁਪਤਾ ਵੀ ਹਾਜ਼ਰ ਸਨ।