ਸੇਬ ਚੋਰੀ ਕਾਰਨ ਹੋਏ ਨੁਕਸਾਨ ਲਈ ਸਮਾਜ ਸੇਵੀਆਂ ਨੇ ਮਾਲਕ ਨੂੰ ਦਿੱਤਾ 9 ਲੱਖ 15 ਹਜ਼ਾਰ ਦਾ ਚੈੱਕ

ਸ੍ਰੀ ਫ਼ਤਹਿਗੜ੍ਹ ਸਾਹਿਬ : ਤਿੰਨ ਦਿਨ ਪਹਿਲਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੇਬਾਂ ਦਾ ਭਰਿਆ ਟਰੱਕ ਪਲਟਣ ਮਗਰੋਂ ਸੇਬ ਚੋਰੀ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਨੇ ਜਿੱਥੇ ਸਮੁੱਚੇ ਪੰਜਾਬੀਆਂ ਨੂੰ ਬਦਨਾਮ ਕੀਤਾ ਸੀ ਉਥੇ ਹੀ ਪੁਲਿਸ ਨੇ ਸੇਬ ਚੋਰੀ ਕਰਨ ਵਾਲੇ ਲੋਕਾਂ ਖ਼ਿਲਾਫ਼ ਮੁਕੱਦਮਾ ਵੀ ਦਰਜ ਕੀਤਾ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ 10 ਵਿਅਕਤੀਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਥੇ ਹੀ ਪੰਜਾਬੀਆਂ ਦੀ ਸ਼ਾਨ ਬਰਕਰਾਰ ਰੱਖਣ ਅਤੇ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ ਸਮਾਜ ਸੇਵੀਆਂ ਨੇ ਚੰਗਾ ਉਪਰਾਲਾ ਕੀਤਾ ਹੈ। ਸ੍ਰੀ ਫ਼ਤਹਿਗੜ੍ਹ ਸਾਹਿਬ ਦੇ SSP ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ 10 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਥੇ ਹੀ SSP ਨੇ ਦੱਸਿਆ ਕਿ ਸੇਬਾਂ ਦੇ ਮਾਲਕ ਦਾ 9 ਲੱਖ 12 ਹਜ਼ਾਰ ਰੁਪਏ ਨੁਕਸਾਨ ਹੋਇਆ ਸੀ ਅਤੇ ਇਸ ਰਕਮ ਦਾ ਚੈੱਕ ਮਾਲਕ ਨੂੰ ਦੇ ਦਿੱਤਾ ਗਿਆ ਹੈ। ਸੇਬਾਂ ਦੇ ਮਾਲਕ ਦੀ ਮਦਦ ਕਰਨ ਵਾਲੇ ਸਮਾਜ ਸੇਵਕਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੇਬ ਚੋਰੀ ਕਰਨ ਦੀ ਵੀਡਿਓ ਦੇਖੀ ਤਾਂ ਮਨ ਨੂੰ ਧੱਕਾ ਲੱਗਿਆ। ਪੰਜਾਬੀ ਅਤੇ ਪੰਜਾਬੀਅਤ ਬਦਨਾਮ ਹੋਏ। ਇਸ ਕਰ ਕੇ ਉਨ੍ਹਾਂ ਨੇ ਮਦਦ ਕਰਨ ਦਾ ਮਨ ਬਣਾਇਆ ਅਤੇ ਇਹ ਚੈਕ ਦਿੱਤਾ। ਮਦਦ ਕਰਨ ਵਾਲੇ ਨੌਜਵਾਨ ਸਮਾਜਸੇਵੀਆਂ ਦ‍ਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਵਕੀਲਾਂ ਵਲੋਂ ਵਿਸ਼ੇਸ਼ ਤੌਰ ‘ਤੇ ਸਮਮਾਨ ਕੀਤਾ ਗਿਆ। ਐਡਵੋਕੇਟ ਬੀ.ਐਮ ਸਿੰਘ ਨੇ ਕਿਹਾ ਕਿ ਸੇਬ ਚੋਰੀ ਕਰਨ ਵਾਲੇ ਮਾੜੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਨਸੀਹਤ ਲੈਣੀ ਚਾਹੀਦੀ ਹੈ। ਚੋਰੀ ਹੋਈਆਂ ਸੇਬਾਂ ਦੀਆਂ ਪੇਟੀਆਂ ਦੇ ਮਾਲਕ ਨੇ ਕਿਹਾ ਕਿ ਜਦੋਂ ਡਰਾਈਵਰ ਨੇ ਫੋਨ ਕਰ ਕੇ ਕਿਹਾ ਕਿ ਪੰਜਾਬ ਅੰਦਰ ਸੇਬ ਦੀਆਂ ਪੇਟੀਆਂ ਚੋਰੀ ਹੋਈਆਂ ਹਨ ਤਾਂ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ। ਹੁਣ ਜਿਹੜੀ ਮਦਦ ਪੰਜਾਬੀਆਂ ਨੇ ਅੱਗੇ ਆ ਕੇ ਕੀਤੀ ਹੈ ਉਹ ਇਸ ਲਈ ਹਮੇਸ਼ਾ ਧੰਨਵਾਦੀ ਰਹਿਣਗੇ।