ਸਮਾਜਿਕ ਸੁਰੱਖਿਆ ਵਿਭਾਗ ਨੇ ਰਾਜਪੁਰਾ ਵਿਖੇ ਦਿਵਿਆਂਗਜਨ ਨੂੰ ਵੰਡੇ ਉਪਕਰਨ

  • 56 ਦਿਵਿਆਂਗਜਨ ਨੂੰ 110 ਉਪਰਕਰਨਾਂ ਦੀ ਕੀਤੀ ਵੰਡ

ਪਟਿਆਲਾ, 31 ਮਈ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਦੀ ਯੋਗ ਅਗਵਾਈ ਤੇ ਐਮ.ਐਲ.ਏ. ਰਾਜਪੁਰਾ ਨੀਨਾ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ 'ਚ ਅੱਜ ਚਿਲਡਰਨ ਹੋਮ ਨੇੜੇ ਮਿੰਨੀ ਸਕੱਤਰੇਤ, ਰਾਜਪੁਰਾ ਵਿਖੇ ਅਲਿਮਕੋ ਦੇ ਸਹਿਯੋਗ ਨਾਲ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ 56 ਲੋੜਵੰਦ ਦਿਵਿਆਂਗਜਨ ਵਿਅਕਤੀਆਂ ਨੂੰ 110 ਵੱਖ ਵੱਖ ਉਪਕਰਨਾਂ ਦੀ ਵੰਡ ਕੀਤੀ ਗਈ। ਕੈਂਪ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਦਿਵਿਆਂਗਜਨ ਵਿਅਕਤੀ ਨੂੰ ਦਿੱਤੇ ਉਪਕਰਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਉਪਕਰਨਾਂ ਦੀ ਮਦਦ ਨਾਲ ਦਿਵਿਆਂਗਜਨ ਵਿਅਕਤੀਆਂ ਨੂੰ ਆਪਣੇ ਰੋਜਮਰ੍ਹਾਂ ਦੇ ਕੰਮ ਕਰਨ 'ਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਉਪਕਰਨ ਪ੍ਰਾਪਤ ਵਿਅਕਤੀ ਇਨ੍ਹਾਂ ਉਪਕਰਨਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਤਾਂ ਜੋ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਆਮ ਲੋਕਾਂ ਨੂੰ ਫ਼ਾਇਦਾ ਹੋਵੇ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਅੱਜ 56 ਵਿਅਕਤੀਆਂ ਨੂੰ 110 ਵੱਖ   ਵੱਖ ਉਪਕਰਨ ਵੰਡੇ ਗਏ। ਜਿਨ੍ਹਾਂ ਵਿੱਚੇ 19 ਮੋਟਰਰਾਈਜਡ ਟ੍ਰਾਇਸਾਈਕਲ, 15 ਟ੍ਰਾਈਸਾਈਕਲ, 11 ਵੀਲ ਚੇਅਰ, 4 ਕੰਨਾਂ ਦੀਆਂ ਮਸ਼ੀਨਾਂ, 06 ਨਕਲੀ ਅੰਗ/ਕੈਲੀਪਰ, 32 ਫੋੜੀਆਂ, 2 ਸਟਿੱਕਾਂ, 3 ਰੋਲੇਟਰ ਅਤੇ ਹੋਰ ਸਮਾਨ ਵੰਡਿਆਂ ਗਿਆ ਹੈ। ਇਸ ਵੰਡ ਸਮਾਰੋਹ ਦੌਰਾਨ ਅਲਿਮਕੋ ਮੋਹਾਲੀ ਟੀਮ ਦੇ ਹੈੱਡ ਡਾ. ਅਮਿਤ ਕੁਮਾਰ, ਗੁਰਪਿਆਰ ਸਿੰਘ ਦਿਓ ਗੜ੍ਹ ਐਨ.ਜੀ.ਓ ਸਾਂਝ ਗਲੋਬਲ ਫਾਊਂਡੇਸ਼ਨ, ਮੁਹੰਮਦ ਯਾਸ਼ੀਨ ਮੈਂਬਰ ਸਾਂਝ ਗਲੋਬਲ ਫਾਊਂਡੇਸ਼ਨ, ਸੰਦੀਪ ਮਲਾਨਾ ਮੈਂਬਰ ਫ਼ਿਲਮ ਸੈਂਸਰ ਬੋਰਡ ਭਾਰਤ ਸਰਕਾਰ ਸ਼ਾਮਲ ਹੋਏ। ਕੈਂਪ ਦੇ ਆਯੋਜਨ ਵਿੱਚ ਸੁਪਰਡੈਂਟ ਐਮ.ਆਰ. ਹੋਮ ਰਾਜਪੁਰਾ ਗੀਤਇੰਦਰਪਾਲ ਸਿੰਘ ਅਤੇ ਸਾਂਝ ਗਲੋਬਲ ਫਾਊਂਡੇਸ਼ਨ ਐਨ.ਜੀ.ਓ. ਦੀ ਪੂਰੀ ਟੀਮ ਵੱਲੋਂ ਸਹਿਯੋਗ ਕੀਤਾ ਗਿਆ। ਕੈਂਪ ਵਿੱਚ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਪਟਿਆਲਾ ਅਤੇ ਐਮ.ਆਰ. ਹੋਮ ਰਾਜਪੁਰਾ  ਦੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ।