ਸਰਹਿੰਦ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਇੱਕ ਨਸ਼ਾ ਤਸਕਰ ਨੂੰ 10 ਕਿੱਲੋ ਅਫ਼ੀਮ ਸਣੇ ਕੀਤਾ ਗ੍ਰਿਫਤਾਰ

ਸ੍ਰੀ ਫ਼ਤਹਿਗੜ੍ਹ ਸਾਹਿਬ, 4 ਮਾਰਚ : ਸੀਆਈਏ ਸਟਾਫ ਸਰਹਿੰਦ ਪੁਲਿਸ ਵੱਲੋਂ ਉੱਤਰ ਪ੍ਰਦੇਸ਼ ਦੇ ਇੱਕ ਨਸ਼ਾ ਤਸਕਰ ਨੂੰ 10 ਕਿੱਲੋ ਅਫ਼ੀਮ ਸਣੇ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਐਸ.ਪੀ.(ਡੀ) ਰਕੇਸ਼ ਕੁਮਾਰ ਯਾਦਵ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲੇ ਭਰ 'ਚ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਸੀ.ਆਈ.ਏ. ਦੀ ਇੱਕ ਟੀਮ ਵੱਲੋਂ ਸਰਹਿੰਦ ਦੀ ਅਨਾਜ ਮੰਡੀ ਨੇੜਿਓਂ ਚੈਕਿੰਗ ਦੌਰਾਨ ਪਿੰਡ ਫ਼ਤਹਿਨੰਗਲ ਜ਼ਿਲਾ ਬਦਾਯੂੰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਸਤਿਆਵਾਨ ਨਾਮਕ ਤਸਕਰ ਨੂੰ ਕਾਬੂ ਕੀਤਾ ਗਿਆ ਜਿਸ ਦੀ ਤਲਾਸ਼ੀ ਦੌਰਾਨ ਸਤਿਆਵਾਨ ਦੇ ਕਬਜ਼ੇ 'ਚੋਂ 10 ਕਿੱਲੋ ਅਫ਼ੀਮ ਬਰਾਮਦ ਹੋਈ।ਐਸ.ਪੀ.(ਡੀ) ਰਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਰਹਿੰਦ ਵਿਖੇ ਅ/ਧ 18ਬੀ/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ 'ਚ ਸਤਿਆਵਾਨ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ਸਤਿਆਵਾਨ ਵੱਲੋਂ ਫ਼ਤਹਿਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਦੇ ਇਲਾਕਿਆਂ 'ਚ ਅਫ਼ੀਮ ਸਪਲਾਈ ਕੀਤੀ ਜਾ ਰਹੀ ਜਿਸ ਵਿਰੁੱਧ ਜਨਵਰੀ 2023 'ਚ ਖਰੜ (ਮੋਹਾਲੀ) ਵਿਖੇ ਵੀ ਇੱਕ ਨਸ਼ਾ ਤਸਕਰੀ ਦਾ ਕੇਸ ਦਰਜ ਹੋਇਆ ਪਰ ਉਸ ਨੇ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਆ ਕੇ ਪੰਜਾਬ 'ਚ ਅਫ਼ੀਮ ਸਪਲਾਈ ਕਰਨ ਦਾ ਧੰਦਾ ਸ਼ੁਰੂ ਕਰ ਲਿਆ।