ਬਠਿੰਡਾ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਕਾਮਰਸ 'ਚ ਕੀਤਾ ਟਾਪ

ਬਠਿੰਡਾ, 24 ਮਈ : ਸਥਾਨਕ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅਧੀਨ 12 ਵੀਂ ਜਮਾਤ ਦੇ ਕਾਮਰਸ ਸਟਰੀਮ ਵਿੱਚ ਅੱਜ ਐਲਾਨੇ ਗਏ ਨਤੀਜਿਆਂ ਚ 500 ਵਿੱਚੋਂ 494 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚ ਟਾਪ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਸ੍ਰੀ ਸ਼ਿਵ ਪਾਲ ਗੋਇਲ ਨੇ ਦੱਸਿਆ ਕਿ ਇਸ ਵਿਦਿਆਰਥਣ ਨੇ ਜ਼ਿਲ੍ਹੇ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਰਸਰਾਮ ਨਗਰ ਸਕੂਲ ਵਿੱਦਿਅਕ ਅਤੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਰਾਜ ਦੇ ਸਿੱਖਿਆ ਵਿਭਾਗ ਵੱਲੋਂ ਇਸ ਨੂੰ ਉੱਤਮ ਸਕੂਲ ਐਲਾਨਿਆ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਸ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਦੇ ਕਮਰਸ ਵਿਭਾਗ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਪਿਛਲੇ ਸਾਲ ਵੀ ਕਾਮਰਸ ਸਟਰੀਮ ਦਾ ਇੱਕ ਵਿਦਿਆਰਥੀ ਸਟੇਟ ਮੈਰਿਟ ਸੂਚੀ ਵਿੱਚ ਆਇਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਦਿਆਰਥਣ (ਸਿਮਰਨਜੀਤ ਕੌਰ) ਨੇ 98.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਰਾਜ ਭਰ ਵਿੱਚ ਕਮਰਸ ਸਟਰੀਮ ਵਿੱਚ ਪਹਿਲਾ ਅਤੇ 12 ਵੀਂ ਜਮਾਤ ਵਿੱਚ ਸਾਰੀਆਂ ਸਟਰੀਮਾਂ ਦੀ ਸਮੁੱਚੀ ਮੈਰਿਟ ਵਿੱਚ 6ਵਾਂ ਸਥਾਨ ਪ੍ਰਾਪਤ ਕੀਤਾ, ਜਿਸ ਦੇ ਅੱਜ ਨਤੀਜੇ ਐਲਾਨੇ ਗਏ ਹਨ। ਇਸ ਮੌਕੇ ਸਿਮਰਨਜੀਤ ਕੌਰ ਨੇ ਆਪਣੀ ਸ਼ਾਨਦਾਰ ਸਫ਼ਲਤਾ 'ਤੇ ਖੁਸ਼ੀ ਅਤੇ ਭਾਵੁਕਤਾ ਮਹਿਸੂਸ ਕਰਦਿਆਂ, ਆਪਣੇ ਅਧਿਆਪਕਾਂ, ਸ਼੍ਰੀਮਤੀ ਸਰੋਜ ,ਸ਼੍ਰੀਮਤੀ ਮੀਨੂੰ, ਸ਼੍ਰੀਮਤੀ ਗੀਤਿੰਦਰ ਪਾਲ ਦਾ ਉਸ ਦੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਉਸਨੇ ਅੱਗੇ ਕਿਹਾ ਕਿ ਉਹ ਇੱਕ ਚਾਰਟਰਡ ਅਕਾਊਂਟੈਂਟ ਬਣਨਾ ਚਾਹੁੰਦੀ ਹੈ ਅਤੇ ਆਪਣੀ ਅਗਲੀ ਪੜ੍ਹਾਈ ਚੰਡੀਗੜ੍ਹ ਵਿੱਚ ਕਰੇਗੀ।  ਇਸ ਮੌਕੇ ਸਕੂਲ ਸਟਾਫ਼ ਜਿਸ ਵਿੱਚ ਸ਼੍ਰੀ ਪੁਸ਼ਪੇਸ ਕੁਮਾਰ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀਮਤੀ ਸਤੀਸ਼ ਕੁਮਾਰ, ਸ਼੍ਰੀ ਰਜਨੀਸ਼ ਕੁਮਾਰ, ਸ਼੍ਰੀਮਤੀ ਵੀਰਪਾਲ ਕੌਰ ਸਮੇਤ ਸਕੂਲ ਦੇ ਸਮੂਹ ਅਧਿਆਪਕ ਹਾਜ਼ਰ ਸਨ।