ਪੰਜਾਬ ਪ੍ਰਧਾਨ ਦੀ ਬਠਿੰਡਾ ਫੇਰੀ ਦੇ ਬਰਾਬਰ ਸਾਬਕਾ ਖਜ਼ਾਨਾ ਮੰਤਰੀ ਨੇ ਵੀ ਵਧਾਈਆਂ ਸਰਗਰਮੀਆਂ..!

ਸਾਬਕਾ ਖਜ਼ਾਨਾ ਮੰਤਰੀ ਨੇ ਕੀਤਾ ਸ਼ਹਿਰ ਦਾ ਦੌਰਾ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨਾਲ ਕੀਤੀ ਮੀਟਿੰਗ
ਨਗਰ ਨਿਗਮ ਵਿੱਚ ਕਾਂਗਰਸ ਦਾ ਹੈ ਪੂਰਨ ਬਹੁਮਤ, ਕੌਂਸਲਰਾਂ ਨੂੰ ਕਿਹਾ ਪਹਿਲ ਦੇ ਆਧਾਰ ਤੇ ਕਰੋ ਲੋਕਾਂ ਦੇ ਕੰਮ : ਜੋਜੋ ਜੋਹਲ

ਬਠਿੰਡਾ 19 ਦਸੰਬਰ (ਅਨਿਲ ਵਰਮਾ) : ਨਗਰ ਨਿਗਮ ਸ਼ਹਿਰ ਬਠਿੰਡਾ ਵਿੱਚ ਕਾਂਗਰਸ ਵਿਚ ਸਭ ਕੁਝ ਠੀਕ-ਠਾਕ ਨਜ਼ਰ ਨਹੀਂ ਆ ਰਿਹਾ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਸਿਜ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਗਰੁੱਪਾਂ ਵਿੱਚ ਖਿੱਚਤਾਨ ਲਗਾਤਾਰ ਵੱਧ ਰਹੀ ਹੈ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਥਾਪੇ ਜ਼ਿਲ੍ਹਾ ਬਠਿੰਡਾ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਤਾਜਪੋਸ਼ੀ ਸਮਾਗਮ 22 ਦਸੰਬਰ ਨੂੰ ਕਾਂਗਰਸ ਭਵਨ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿਚ ਰਾਜਾ ਵੜਿੰਗ ਖੁਦ ਪਹੁੰਚ ਰਹੇ ਹਨ। ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਬਠਿੰਡਾ ਫੇਰੀ ਤੋਂ ਪਹਿਲਾਂ ਹੀ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਚਾਨਕ ਹਲਕੇ ਵਿਚ ਸਰਗਰਮ ਹੋ ਗਏ ਹਨ ਅਤੇ ਉਨ੍ਹਾਂ ਵੱਲੋਂ ਕਾਂਗਰਸ ਦੇ ਕੌਸਲਰਾਂ, ਸੀਨੀਅਰ ਲੀਡਰਸ਼ਿਪ ਸਮੇਤ ਸ਼ਹਿਰ ਦੇ ਵਪਾਰੀਆਂ ਅਤੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਸਾਬਕਾ ਖਜ਼ਾਨਾ ਮੰਤਰੀ ਵੱਲੋਂ ਲਾਈਨੋਂ ਪਾਰ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਉਹਨਾ ਦੇ ਨਾਲ ਵੱਡੀ ਗਿਣਤੀ ਵਿੱਚ ਕੌਸਲਰ ਅਤੇ ਕਾਗਰਸੀ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਬਕਾ ਖਜ਼ਾਨਾ ਮੰਤਰੀ ਪਾਰਟੀ ਦੇ ਤੇਜ਼ ਤਰਾਰ ਲੀਡਰ ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨਾਲ ਵੀ ਮੁਲਾਕਾਤ ਕਰਕੇ ਆਏ ਹਨ, ਜਿਸ ਕਰਕੇ ਪੰਜਾਬ ਵਿੱਚ ਕਾਂਗਰਸ ਦੇ ਨਵੇਂ ਗਰੁੱਪ ਦੀ ਹੋਂਦ ਬਣਦੀ ਹੋਈ ਨਜ਼ਰ ਆ ਰਹੀ ਹੈ। ਸਾਬਕਾ ਖਜ਼ਾਨਾ ਮੰਤਰੀ ਦੀ ਬਠਿੰਡਾ ਫੇਰੀ ਸਬੰਧੀ ਜਦੋਂ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੋਜੋ ਜੋਹਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਬਕਾ ਖਜ਼ਾਨਾ ਮੰਤਰੀ ਵੱਲੋਂ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨਾਲ ਲਗਾਤਾਰ        ਸੰਪਰਕ ਕੀਤਾ ਜਾ ਰਿਹਾ ਹੈ ਕਿਉਂਕਿ ਕਾਂਗਰਸ ਨੂੰ ਨਗਰ ਨਿਗਮ ਵਿਚ ਪੂਰਨ ਬਹੁਮਤ ਦਿੱਤਾ ਹੈ ਜਿਸ ਕਰਕੇ ਉਨ੍ਹਾਂ ਦੀ ਡਿਊਟੀ ਬਣਦੀ ਹੈ ਕਿ ਉਹ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਨ, ਇਹੀ ਹਦਾਇਤ ਕੌਂਸਲਰਾਂ ਨੂੰ ਵੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਨਗਰ ਨਿਗਮ ਪ੍ਰਤੀ ਕੋਈ ਸ਼ਿਕਾਇਤ ਨਾ ਹੋਵੇ।ਉਨ੍ਹਾਂ ਕਿਹਾ ਕਿ ਸਾਬਕਾ ਖ਼ਜ਼ਾਨਾ ਮੰਤਰੀ ਵੱਲੋਂ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ, ਜਿਸ ਕਰਕੇ ਲੋਕ ਅੱਜ ਵੀ ਸਾਬਕਾ ਖਜ਼ਾਨਾ ਮੰਤਰੀ ਦੀ ਟੀਮ ਨਾਲ ਖੜ੍ਹੇ ਹਨ ।ਉਨ੍ਹਾਂ ਜ਼ਿਲ੍ਹਾ ਪ੍ਰਧਾਨ ਦੀ ਤਾਜਪੋਸ਼ੀ ਸਮਾਗਮ ਹੋਣ ਤੇ ਤੰਜ ਕੱਸਦੇ ਹੈ ਤੇ ਕਿਹਾ ਕਿ ਜਿਸ ਪ੍ਰਧਾਨ ਨੂੰ ਕਾਂਗਰਸ ਦੇ ਕੌਂਸਲਰ ਅਤੇ ਲੀਡਰ ਪ੍ਰਧਾਨ ਹੀ ਨਹੀਂ ਮੰਨਦੇ ਉਸ ਪ੍ਰਧਾਨ ਦਾ ਤਾਜਪੋਸ਼ੀ ਸਮਾਗਮ ਕੀ ਹੋਵੇਗਾ।