ਉਤਰ ਪ੍ਰਦੇਸ਼ ਅਤੇ ਉਤਾਰਖੰਡ ਦੇ ਸਿੱਖਾਂ ਨੂੰ ਉਨ੍ਹਾਂ ਦੇ ਜਮੀਨ ਦੇ ਮਾਲਕਾਨਾ ਹੱਕ ਹਰ ਹਾਲ ਵਿਚ ਦਿਵਾਏ ਜਾਣਗੇ : ਪ੍ਰੋ. ਚੰਦੂਮਾਜਰਾ

ਪਟਿਆਲਾ : ਭਾਰਤੀ ਸਿੱਖ ਸੰਗਠਨ ਦਾ ਉਤਰ ਪਦੇਸ਼ ਅਤੇ ਉਤਰਾਖੰਡ ਦਾ ਵਫਦ ਜਸਬੀਰ ਸਿੰਘ ਵਿਰਕ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮਿਲਿਆ। ਵਫਦ ਵੱਲੋਂ ਗੁਰਦੁਆਰਾ ਨਾਨਕਮੱਤਾ ਸਾਹਿਬ ਅਤੇ ਗੁਰਦੁਆਰਾ ਰੀਠਾ ਸਾਹਿਬ ਦੇ ਮੁੱਦਿਆਂ ਸਬੰਧੀ ਪ੍ਰੋ. ਚੰਦੂਮਾਜਰਾ ਨੂੰ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਤਰ ਪ੍ਰਦੇਸ਼ ਅਤੇ ਉਤਰਾ ਖੰਡ ਵਿਚ ਰਹਿ ਰਹੇ ਸਿੱਖ ਪਰਿਵਾਰ ਨੂੰ ਜਮੀਨ ਦੇ ਮਾਲਕਾਨਾ ਹੱਕ ਦਿਵਾਉਣ ਦਾ ਮੁੱਦਾ ਵੀ ਚੁੱਕਿਆ। ਵਫਦ ਨਾਲ ਮੀਟਿੰਗ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਕਰੋਨਾ ਕਾਲ ਵਿਚ ਜਦੋਂ ਉਤਰ ਪ੍ਰਦੇਸ਼ ਵਿਚ ਸਿੱਖਾਂ ਤੋਂ ਜ਼ਮੀਨਾ ਖੋਹੀਆਂ ਜਾ ਰਹੀਆਂ ਸਨ ਅਤੇ ਸਿੱਖ ਪਰਿਵਾਰਾਂ ਦਾ ਉਜਾੜਾ ਕਰਵਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਉਹ ਖੁਦ ਉਤਰ ਪ੍ਰਦੇਸ਼ ਗਏ ਅਤੇ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਨਾਲ ਇਸ ਮੁੱਦੇ ‘ਤੇ ਗੱਲ ਕੀਤੀ। ਇਸ ਤੋਂ ਬਾਅਦ ਉਤਰ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ‘ਤੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਸੀ। ਜਿਸ ਦੀ ਰਿਪੋਰਟ ਤਿਆਰ ਹੋ ਚੁੱਕੀ ਹੈ, ਪਰ ਉਸ ਨੂੰ ਉਤਰ ਪ੍ਰਦੇਸ਼ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਵਫਦ ਦੀ ਪੁਰੀ ਗੱਲ ਸੁਣਨ ਤੋਂਬਾਅਦ ਉਨ੍ਹਾਂ ਨੇ ਇਸ ਮਾਮਲੇ ਸੰਬਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਇਸ ਮਾਮਲੇ ਵਿਚ ਉਹ ਵੀਰਵਾਰ ਨੂੰ ਦੋਨਾ ਪ੍ਰਧਾਨ ਨਾਲ ਸਾਂਝੇ ਤੌਰ ’ਤੇ ਮੀਟਿੰਗ ਕਰਨਗੇ ਅਤੇ ਇਸ ਮਾਮਲੇ ਵਿਚ ਅਗਲੀ ਵਿਉਂਤਬੰਦੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਅਤੇ ਉਤਾਰਖੰਡ ਦੇ ਸਿੱਖਾਂ ਨੂੰ ਉਨ੍ਹਾਂ ਦੇ ਜਮੀਨ ਦੇ ਮਾਲਕਾਨਾ ਹੱਕ ਹਰ ਹਾਲ ਵਿਚ ਦਿਵਾਏ ਜਾਣਗੇ। ਇਸ ਦੇ ਲਈ ਹਮੇਸ਼ਾਂ ਤੋਂ ਹੀ ਅਕਾਲੀ ਦਲ ਨੇ ਫਾਈਟ ਕੀਤੀ ਅਤੇ ਅੱਗੇ ਵੀ ਉਦੋਂ ਤੱਕ ਸੰਘਰਸ਼ ਕਰਦਾ ਰਹੇਗਾ, ਜਦੋਂ ਤੱਕ ਉਥੋਂ ਦੇ ਸਿੱਖਾਂ ਨੂੰ ਜਮੀਨਾ ਦੇ ਮਾਲਕਾਨਾ ਹੱਕ ਨਹੀਂ ਮਿਲ ਜਾਂਦੇ।