ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਸਮੇਤ ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ, ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਰਿਹਾਅ ਕੀਤਾ ਜਾਵੇ : ਕਿਸਾਨ ਆਗੂ

  • ਬੀਕੇਯੂ ਏਕਤਾ ਡਕੌਂਦਾ (ਮਹਿਲ ਕਲਾਂ) ਦੀ ਜਥੇਬੰਦਕ ਚੋਣ, ਨਾਨਕ ਸਿੰਘ ਪ੍ਰਧਾਨ, ਅਮਨਦੀਪ ਸਿੰਘ ਜਨਰਲ ਸਕੱਤਰ ਅਤੇ ਸੁਖਦੇਵ ਸਿੰਘ ਖਜ਼ਾਨਚੀ ਚੁਣੇ ਗਏ

ਮਹਿਲ ਕਲਾਂ, 18 ਫਰਵਰੀ (ਭੁਪਿੰਦਰ ਸਿੰਘ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡਾ ਇਕੱਠ ਸ਼ਹੀਦ ਯਸ਼ਪਾਲ ਯਾਦਗਾਰ ਪਾਰਕ ਮਹਿਲ ਕਲਾਂ ਵਿਖੇ ਹੋਇਆ। ਇਸ ਇਕੱਠ ਵਿੱਚ ਸਮੁੱਚੇ ਬਲਾਕ ਮਹਿਲ ਕਲਾਂ ਦੀਆਂ 19 ਪਿੰਡ ਇਕਾਈਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਅੱਜ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਮਹਿਲ ਕਲਾਂ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਰਾਏਸਰ ਨੇ ਦੱਸਿਆ ਕਿ ਜਨਰਲ ਕੌਂਸਲ ਵਿੱਚ ਮਨਜੀਤ ਸਿੰਘ ਧਨੇਰ ਦੇ ਕਾਰਜਕਾਰੀ ਪ੍ਰਧਾਨ ਵਜੋਂ ਵਡੇਰੀ ਜ਼ਿੰਮੇਵਾਰੀ ਸੰਭਾਲਣ ਨਾਲ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ। ਆਪਣੇ ਸੰਬੋਧਨ ਵਿੱਚ ਮਨਜੀਤ ਸਿੰਘ ਧਨੇਰ, ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ ਨੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਵਾਇਆ। ਆਗੂਆਂ ਨੇ ਬੂਟਾ ਸਿੰਘ ਬੁਰਜਗਿੱਲ ਦੇ ਗੁੱਟ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਵਿਧਾਨ ਅਤੇ ਐਲਾਨਨਾਮੇ ਤੋਂ ਭਗੌੜਾ ਹੋ ਜਾਣ ਦੇ ਕਾਰਨਾਂ ਤੋਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਨਵੀਆਂ ਹਾਲਤਾਂ ਦੀ ਚੁਣੌਤੀ ਜਥੇਬੰਦਕ ਢਾਂਚੇ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਆਗੂਆਂ ਦੇ ਰੂਪ ਵਿੱਚ ਅੱਗੇ ਆਉਣ ਦਾ ਸੱਦਾ ਦਿੱਤਾ। ਆਗੂਆਂ  ਨੂੰ ਨਵੀਆਂ ਵਿਸ਼ੇਸ਼ ਹਾਲਤਾਂ ਦੇ ਪ੍ਰਸੰਗ ਵਿੱਚ ਬਲਾਕ ਮਹਿਲਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੂੰ ਆਉਣ ਵਾਲੇ ਸਮੇਂ ਵਿੱਚ ਵਡੇਰੀ ਜ਼ਿੰਮੇਵਾਰੀ ਸੰਭਾਲਣ ਦੇ ਪ੍ਰਸੰਗ ਵਿੱਚ ਜਥੇਬੰਦਕ ਢਾਂਚੇ ਨੂੰ ਨਵਿਆਉਣ ਦੀ ਲੋੜ ਬਾਰੇ ਜਾਣਕਾਰੀ ਦਿੱਤੀ। ਜਿਸ ਕਰਕੇ ਸਾਰੀਆਂ ਪਿੰਡ ਇਕਾਈਆਂ ਦੀ ਸਹਿਮਤੀ ਨਾਲ ਆਉਣ ਵਾਲੇ ਸਮੇਂ ਲਈ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੂੰ ਪ੍ਰਧਾਨ, ਅਮਨਦੀਪ ਸਿੰਘ ਰਾਏਸਰ ਨੂੰ ਜਨਰਲ ਸਕੱਤਰ, ਜਗਰੂਪ ਸਿੰਘ ਗਹਿਲ ਨੂੰ ਸੀਨੀਅਰ ਮੀਤ ਪ੍ਰਧਾਨ, ਜੱਗਾ ਸਿੰਘ ਮਹਿਲ ਕਲਾਂ, ਜੱਗੀ ਸਿੰਘ ਕੁਰੜ, ਪ੍ਰੀਤਮ ਸਿੰਘ ਮਹਿਲ ਕਲਾਂ, ਅੰਗਰੇਜ਼ ਸਿੰਘ ਰਾਏਸਰ ਨੂੰ ਮੀਤ ਪ੍ਰਧਾਨ, ਸੁਖਦੇਵ ਸਿੰਘ ਕੁਰੜ ਨੂੰ ਖ਼ਜ਼ਾਨਚੀ ਚੁਣਿਆ ਗਿਆ। ਜੋਸ਼ ਅਤੇ ਹੋਸ਼ ਦਾ ਸੁਮੇਲ ਬਿਠਾਉਂਦੇ ਹੋਏ ਯੂਥ ਵਿੰਗ ਬਲਾਕ ਮਹਿਲਕਲਾਂ ਦੀ ਚੋਣ ਕੀਤੀ ਗਈ। ਜਸਵਿੰਦਰ ਸਿੰਘ ਗਹਿਲ, ਗਗਨ ਕੁਰੜ, ਸੇਵਕ ਸਿੰਘ ਮਾਂਗੇਵਾਲ, ਅਮਨਦੀਪ ਸਿੰਘ ਮਨਾਲ, ਸਤਨਾਮ ਸਿੰਘ ਮੂੰਮ, ਪ੍ਰਗਟ ਸਿੰਘ, ਜਸਵਿੰਦਰ ਸਿੰਘ ਰਾਏਸਰ ਆਧਾਰਿਤ ਨਵੀਂ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਗਈ। ਚੁਣੀ ਗਈ ਨਵੀਂ ਟੀਮ ਨੂੰ ਮਨਜੀਤ ਸਿੰਘ ਧਨੇਰ, ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ ਨੇ ਜਥੇਬੰਦੀ ਦੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਸਿੱਖ ਬੰਦੀਆਂ ਦੀ ਰਿਹਾਈ ਲਈ ਮੋਹਾਲੀ ਵਿਖੇ ਚੱਲ ਰਹੇ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ 20 ਫਰਵੱਰੀ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਆਗੂਆਂ ਮੰਗ ਕੀਤੀ ਕਿ ਸਜ਼ਾ ਪੂਰੀ ਕਰ ਚੁੱਕੇ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਸਮੇਤ ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ, ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਰਿਹਾਅ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰੀ ਸਰਕਾਰ ਖ਼ਿਲਾਫ਼ ਸ਼ੁਰੂ ਕੀਤੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਬਜਟ ਸੈਸ਼ਨ ਦੌਰਾਨ 20 ਮਾਰਚ ਨੂੰ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਸੂਬਾ ਕਮੇਟੀ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਮਾਰਚ ਦੇ ਪਹਿਲੇ ਪੰਦਰਵਾੜੇ ਪਿੰਡਾਂ ਵਿੱਚ ਬਕਾਇਦਾ ਵੱਡੀਆਂ ਮੀਟਿੰਗਾਂ ਕਰਵਾਕੇ ਤਿਆਰੀ ਕੀਤੀ ਜਾਵੇਗੀ। 25 ਫਰਬਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਗੁਰਦੁਆਰਾ ਕਾਲਾ ਮਾਹਿਰ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਚੋਣ ਇਤਿਹਾਸ ਵਿੱਚ ਡੈਲੀਗੇਟਾਂ ਅਤੇ ਦਰਸ਼ਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।