ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਗਰਭਵਤੀ, ਮਾਰਚ ਮਹੀਨੇ ਵਿਚ ਬੱਚੇ ਨੂੰ ਦੇ ਸਕਦੇ ਜਨਮ

ਮਾਨਸਾ, 27 ਫਰਵਰੀ : ਮਰਹੂਮ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਪਰਵਾਰ ਵਿਚ ਇਕ ਵਾਰ ਖੁਸ਼ੀ ਆਉਣ ਵਾਲੀ ਹੈ। ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਗਰਭਵਤੀ ਹਨ ਅਤੇ ਉਹ ਮਾਰਚ ਮਹੀਨੇ ਵਿਚ ਬੱਚੇ ਨੂੰ ਜਨਮ ਦੇ ਸਕਦੇ ਹਨ। ਦਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਉਹ ਨਵੀਨਤਮ ਤਕਨੀਕ ਆਈ.ਵੀ.ਐਫ. ਦੀ ਵਰਤੋਂ ਕਰ ਰਹੇ ਹਨ। ਖ਼ਬਰਾਂ ਅਨੁਸਾਰ ਆਉਣ ਵਾਲੇ ਕੁਝ ਮਹੀਨਿਆਂ ਵਿਚ ਘਰ ਵਿਚ ਕਿਲਕਾਰੀਆਂ ਗੂੰਜ ਸਕਦੀਆਂ ਹਨ। ਹਾਲਾਂਕਿ ਮਰਹੂਮ ਗਾਇਕ ਦੇ ਪਰਵਾਰ ਵਿਚੋਂ ਫਿਲਹਾਲ ਕਿਸੇ ਨੇ ਇਨ੍ਹਾਂ ਖ਼ਬਰਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਈ.ਵੀ.ਐਫ. ਤਕਨੀਕ ਅਪਣਾਈ ਹੈ। ਇਹੀ ਕਾਰਨ ਹੈ ਕਿ ਚਰਨ ਕੌਰ ਪਿਛਲੇ ਕੁੱਝ ਦਿਨਾਂ ਤੋਂ ਆਮ ਲੋਕਾਂ ਅਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਤੋਂ ਦੂਰੀ ਬਣਾ ਕੇ ਬੈਠੇ ਹਨ। ਸੂਤਰਾਂ ਅਨੁਸਾਰ ਇਸ ਸਮੇਂ ਦੌਰਾਨ ਉਹ ਪੂਰੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹਨ।