ਪੰਜਾਬੀ ਲੋਕ ਸੰਗੀਤ ਦਾ ਉੱਚਾ ਬੁਰਜ ਸੀ ਸ਼ੌਕਤ ਅਲੀ : ਗੁਰਭਜਨ ਗਿੱਲ

ਲੁਧਿਆਣਾ, 2 ਅਪ੍ਰੈਲ : 02 ਅਪਰੈਲ 2021 ਸਵੇਰੇ 10 ਵਜੇ ਤੀਕ ਸੋਚਿਆ ਸੀ, ਸ਼ੁਕਰ ਹੈ ਅੱਜ ਕੋਈ ਪਾਟੀ ਚਿੱਠੀ ਨਹੀਂ ਆਈ। 10.10 ਤੇ ਲਾਹੌਰ ਤੋਂ ਭਾ ਜੀ ਸ਼ੌਕਤ ਅਲੀ ਦੇ ਪੁੱਤਰ ਅਲੀ ਇਮਰਾਨ ਦਾ ਫੋਨ ਤੇ ਸੁਨੇਹਾ ਮਿਲਿਆ, ਅੱਬਾ ਆਖਰੀ ਜੰਗ ਲੜ ਰਹੇ ਨੇ। ਜ਼ਿੰਦਗੀ ਤੇ ਮੌਤ ਵਿਚਕਾਰ ਕਸ਼ਮਕਸ਼ ਹੈ, ਡਾਕਟਰ ਪੂਰੀ ਵਾਹ ਲਾ ਰਹੇ ਨੇ, ਤੁਸੀਂ ਸਭ ਅਰਦਾਸ ਕਰੋ ਆਪਣੇ ਵੀਰ ਲਈ। ਮੈਂ ਸਮਝ ਗਿਆ, ਪਾਣੀ ਚੜ੍ਹ ਆਇਆ ਹੈ। ਹੁਣ ਬਚਣਾ ਮੁਹਾਲ ਜਾਪਦਾ ਹੈ। ਰੋਂਦਿਆਂ ਭਰੜਾਈ ਆਵਾਜ਼ ਵਿੱਚ ਜਿੰਨੀ ਕੁ ਕਰ ਸਕਿਆ,ਅਰਦਾਸ ਕਰਕੇ ਇਮਰਾਨ ਨੂੰ ਰੀਕਾਰਡ ਕਰਕੇ ਭੇਜੀ। ਰੱਬ ਨੂੰ ਆਖਿਆ ਕਿ ਕਹਿਰ ਨਾ ਕਰ। ਮਾਵਾਂ ਸ਼ੌਕਤ ਅਲੀ ਰੋਜ਼ ਨਹੀਂ ਜੰਮਦੀਆਂ। ਰੱਬ ਰੱਬ ਕਰਕੇ ਸ਼ਾਮ ਉਡੀਕੀ। ਚਾਰ ਸਾਢੇ ਚਾਰ ਵਜੇ ਤੀਕ ਸ਼ੁਕਰ ਕੀਤਾ ਕਿ ਕੋਈ ਉਦਾਸ ਖ਼ਬਰ ਨਹੀਂ। ਲੱਖ ਰੋਕਣ ਦੇ ਬਾਵਜੂਦ ਨੀਂਦਰ ਨੇ ਢਾਹ ਲਿਆ ਗਿਆਨੀ ਪਿੰਦਰਪਾਲ ਸਿੰਘ ਦੀ ਪਟਿਆਲਿਉਂ ਆਉਂਦੀ ਕਥਾ ਸੁਣਦੇ ਸੁਣਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵੈਰਾਗ ਚੋਂ ਵੀ ਸ਼ੌਕਤ ਅਲੀ ਭਾ ਜੀ ਦਾ ਚਿਹਰਾ ਬਾਰ ਬਾਰ ਉੱਭਰ ਰਿਹਾ ਸੀ। ਨੀਂਦ ਉੱਖੜੀ , ਜਾਗਿਆ ਤਾਂ ਫੋਨ ਤੇ ਪੰਜ ਸੱਤ ਸੁਨੇਹੇ ਸਨ। ਡਾ: ਸੁਖਨੈਨ,ਪੰਮੀ ਬਾਈ, ਇਕਬਾਲ ਮਾਹਲ ਕੈਨੇਡਾ,ਅਸ਼ਰਫ਼ ਸੁਹੇਲ ਲਾਹੌਰ ਤੇ ਕਿੰਨੇ ਹੋਰ। ਲੱਗਿਆ ਗਲੋਬ ਹਿੱਲ ਰਿਹਾ ਹੈ। ਭਾਣਾ ਵਾਪਰ ਚੁਕਾ ਸੀ। ਸਾਡਾ ਵੀਰ ਸ਼ੌਕਤ ਅਲੀ ਸਾਨੂੰ ਆਖ਼ਰੀ ਸਲਾਮ ਕਹਿ ਚੁਕਾ ਸੀ। ਯਾਦਾਂ ਦੇ ਕਾਫ਼ਲੇ ਅੱਖਾਂ ਅੱਗਿਉਂ ਲੰਘਣ ਲੱਗੇ। ਬਚਪਨ ‘ ਚ ਪਿੰਡ ਬਸੰਤਕੋਟ (ਗੁਰਦਾਸਪੁਰ)ਰਹਿੰਦਿਆਂ ਰੇਡੀਉ ਲਾਹੌਰ ਤੋਂ ਪਹਿਲ ਪਲੱਕੜੇ ਸੁਣੇ ਉਨ੍ਹਾਂ ਦੇ ਗੀਤ ਚੇਤੇ ਆਏ।

ਕਾਹਨੂੰ ਦੂਰ ਦੂਰ ਰਹਿੰਦੇ ਓ ਹਜ਼ੂਰ ਮੇਰੇ ਕੋਲੋਂ।
ਸਾਨੂੰ ਦੱਸ ਦਿਉ ਹੋਇਆ ਕੀ ਕਸੂਰ ਮੇਰੇ ਕੋਲੋਂ।

ਛੱਲਾ ਤਾਂ ਵੱਖ ਵੱਖ ਦੋਹਾਂ ਭਰਾਵਾਂ ਗਾਇਆ ਹੋਇਆ ਸੀ। ਵੱਡੇ ਵੀਰ ਇਨਾਇਤ ਅਲੀ ਨੇ ਵੀ ਤੇ ਸ਼ੌਕਤ ਅਲੀ ਨੇ ਵੀ। ਦੋਵੇਂ ਕਮਾਲ ਸਨ।
ਫਿਰ ਮੀਆਂ ਮੁਹੰਮਦ ਬਖ਼ਸ਼ ਸਾਹਿਬ ਦਾ ਕਲਾਮ ਸੁਣਦੇ ਰਹੇ।
ਸ਼ੌਕਤ ਅਲੀ ਦਾ ਸੰਗੀਤ ਸਾਡੇ ਮਨ ਦੇ ਖ਼ਾਲੀ ਕੋਨੇ ਭਰਦਾ ਸੀ। ਲੱਗਦਾ ਸੀ ਕਿ ਕੋਈ ਸੁਰਵੰਤਾ ਵਡਿੱਕਾ ਤੁਹਾਡੇ ਨਾਲ ਵਿਰਸੇ ਦੀ ਬਾਤ ਪਾ ਰਿਹਾ ਹੈ। ਚੂਰੀ ਕੁੱਟ ਕੇ ਦੇ ਰਿਹਾ ਹੈ ਗੋਕੇ ਘਿਉ ਚ ਗੁੰਨ੍ਹ ਕੇ ਸ਼ੱਕਰ ਵਾਲੀ।
ਕਦੇ ਲੱਗਦਾ ਕੋਈ ਅੰਬਰੀ ਹੂਕ ਵਾਲਾ ਸਾਂਈਂ ਲੋਕ ਹੈ। ਜਦ ਸੂਫ਼ੀ ਬੋਲ ਅਲਾਉਂਦਾ ਤਾਂ ਬੁੱਲ੍ਹਾ ਬਣ ਜਾਂਦਾ, ਸ਼ਾਹ ਹੁਸੈਨ ਦਾ ਪੁੱਤ ਪੋਤਰਾ।
ਮੀਆਂ ਮੁਹੰਮਦ ਬਖ਼ਸ਼ ਦੇ ਬੋਲਾਂ ਨੂੰ ਖੰਭ ਲਾਉਂਦਾ

ਸਦਾ ਨਹੀਂ ਮੁਰਗਾਈਆਂ ਬਹਿਣਾਂ ਸਦਾ ਨਹੀਂ ਸਰ ਪਾਣੀ
ਸਦਾ ਨਾ ਸੱਈਆਂ ਸੀਸ ਗੁੰਦਾਵਣ ਸਦਾ ਨਾ ਸੁਰਖ਼ੀ ਲਾਣੀ
ਲੱਖ ਹਜ਼ਾਰ ਬਹਾਰ ਹੁਸਨ ਦੀ ਖ਼ਾਕੂ ਵਿਚ ਸਮਾਣੀ
ਲਾ ਪਰੀਤ ਮੁਹੰਮਦ ਜਿਸ ਥੀਂ ਜੱਗ ਵਿਚ ਰਹੇ ਕਹਾਣੀ।
▪️
ਬਾਗ਼ ਬਹਾਰਾਂ ਤੇ ਗੁਲਜ਼ਾਰਾਂ ਬਿਨ ਯਾਰਾਂ ਕਿਸ ਕਾਰੀ ?
ਯਾਰ ਮਿਲੇ ਦੁਖ ਜਾਣ ਹਜ਼ਾਰਾਂ ਸ਼ੁਕਰ ਕਹਾਂ ਲਖ ਵਾਰੀ।
ਉੱਚੀ ਜਾਈ ਨੇਂਹੁੰ ਲਗਾਇਆ ਬਣੀ ਮੁਸੀਬਤ ਭਾਰੀ।
ਯਾਰਾਂ ਬਾਜ੍ਹ ਮੁਹੰਮਦ ਬਖ਼ਸ਼ਾ ਕੌਣ ਕਰੇ ਗ਼ਮਖ਼ਾਰੀ।
▪️
ਲੰਮੀ ਰਾਤ ਵਿਛੋੜੇ ਵਾਲੀ ਆਸ਼ਿਕ ਦੁਖੀਏ ਭਾਣੇ।
ਕੀਮਤ ਜਾਣਨ ਨੈਨ ਅਸਾਡੇ ਸੁਖੀਆ ਕਦਰ ਨਾ ਜਾਣੇ।
ਜੇ ਹੁਣ ਦਿਲਬਰ ਨਜ਼ਰੀਂ ਆਵੇ ਧੰਮੀਂ ਸੁਬਹੁ ਧਿੰਙਾਣੇ।
ਵਿਛੜੇ ਯਾਰ ਮੁਹੰਮਦ ਬਖ਼ਸ਼ਾ ਰੱਬ ਕਿਵੇਂ ਅਜ ਆਣੇ।

1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਵੇਲੇ ਉਹ ਪਾਕਿਸਤਾਨ ਵੱਲੋਂ ਗਾਇਨ ਲਆ ਆਇਆ ਤਾਂ ਉਸ ਪਾਕਿਸਤਾਨੀ ਸਫ਼ਾਰਤਖ਼ਾਨੇ ਵਾਲਿਆਂ ਨੂੰ ਆਖਿਆ, ਮੈਂ ਨਾ ਲਾਲ ਕਿਲ੍ਹਾ ਵੇਖਣਾ ਹੈ, ਨਾ ਕੁਤਬ ਦੀ ਲਾਠ, ਮੈਨੂੰ ਅੰਮ੍ਰਿਤਾ ਪ੍ਰੀਤਮ ਮਿਲਾ ਦਿਉ। ਜਿਸ ਨੇ 1947 ਦਾ ਦਰਦ ਸੁਣਾਇਆ ਸੀ ਬਾਬੇ ਵਾਰਿਸ ਸ਼ਾਹ ਨੂੰ ਆਵਾਜ਼ਾਂ ਮਾਰ ਕੇ। K-25 ਹੌਜ਼ ਖ਼ਾਸ ਵਿੱਚ ਰਹਿੰਦੀ ਅੰਮ੍ਰਿਤਾ ਪ੍ਰੀਤਮ ਨੂੰ ਉਸ ਚਰਨ ਬੰਦਨਾ ਕੀਤੀ। ਕਿੰਨਾ ਚਿਰ ਸ਼ਬਦ ਗ਼ੈਰ ਹਾਜ਼ਰ ਰਹੇ। ਸਿਰਫ਼ ਦੋਹੀਂ ਪਾਸੀਂ ਨਮ ਨੇਤਰ ਸਨ।
ਸ਼ਿਵ ਕੁਮਾਰ ਦੇ ਗੀਤ ਵਰਗਾ ਆਲਮ ਸੀ।
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ।
ਜਦ ਬਾਗੀਂ ਫੁੱਲ ਕੁਮਲਾਏ,
ਮੇਰੇ ਰਾਮ ਜੀਉ।
ਅੰਮ੍ਰਿਤਾ ਜੀ ਨੇ ਸ਼ੌਕਤ ਅਲੀ ਨੂੰ ਘਰ ਆਉਣ ਤੇ ਇੱਕ ਗੀਤ ਦਾ ਸ਼ਗਨ ਪਾਇਆ।

ਵੇ ਮੈਂ ਤਿੜਕੇ ਘੜੇ ਦਾ ਪਾਣੀ
ਮੈਂ ਕੱਲ੍ਹ ਤੱਕ ਨਹੀਂ ਰਹਿਣਾ।

ਸ਼ੌਕਤ ਭਾ ਜੀ ਨੇ ਪਾਕਿਸਤਾਨ ਅੱਪੜ ਕੇ ਕਮਾਲ ਦਾ ਗਾਇਆ। ਇਹ ਯਾਦਗਾਰੀ ਪਲ ਅੰਮ੍ਰਿਤਾ ਜੀ ਨੇ ਸਾਂਭ ਲਏ।
ਸ਼ੌਕਤ ਅਲੀ ਦੀ ਮੁਲਾਕਾਤ ਆਧਾਰਿਤ ਲੇਖ ਨਾਗਮਣੀ ਚ ਛਾਪਿਆ। ਤੁਸੀਂ ਸੋਚੋ ਤਾਂ ਸਹੀ, ਕਿਹੋ ਜਹੇ ਪਲ ਹੋਣਗੇ ਉਹ।
ਸ਼ਮਸ਼ੇਰ ਸਿੰਘ ਸੰਧੂ ਨੇ ਏਧਰ ਪਹਿਲੀ ਵਾਰ 1974-75 ਚ ਸੁਰ ਦਰਿਆਉਂ ਪਾਰ ਦੇ ਪੁਸਤਕ ਵਿੱਚ ਸ਼ੌਕਤ ਅਲੀ ਭਾ ਜੀ ਬਾਰੇ ਲੇਖ ਲਿਖਿਆ।
ਫਿਰ ਸ਼ੌਕਤ ਭਾਅ ਦੇ ਮੂੰਹ ਬੋਲੇ ਵੀਰ ਇਕਬਾਲ ਮਾਹਲ ਦਾ ਲੇਖ ਆਰਸੀ ਮੈਗਜ਼ੀਨ ਚ ਪੜ੍ਹਿਆ। ਮਗਰੋਂ ਸੁਰਾਂ ਦੇ ਸੌਦਾਗਰ ਕਿਤਾਬ ਚ ਵੀ। ਸ਼ੌਕਤ ਅਲੀ ਹੋਰ ਵੀ ਆਪਣਾ ਆਪਣਾ ਲੱਗਣ ਲੱਗ ਪਿਆ, ਜਿਵੇ ਵੱਡਾ ਵੀਰ ਹੋਵੇ। 1996 ਵਿੱਚ ਜਦ ਨੱਚਦੀ ਜਵਾਨੀ ਕਲਚਰਲ ਸੋਸਾਇਟੀ ਦੇ ਸਹਿਯੋਗ ਨਾਲ ਸ: ਹਰਨੇਕ ਸਿੰਘ ਘੜੂੰਆਂ ਤੇ ਹਰਭਜਨ ਮਾਨ ਸਮੇਤ ਬਾਕੀ ਦੋਸਤਾਂ ਰਲ਼ ਕੇ ਮੋਹਾਲੀ ਚ ਲੋਕ ਸੰਗੀਤ ਉਤਸਵ ਕੀਤਾ। ਇਸ ਉਤਸਵ ਦਾ ਮੰਚ ਸੰਚਾਲਕ ਭਗਵੰਤ ਮਾਨ ਸੀ ਤੇ ਸੰਗੀਤ ਵਿਉਂਤ ਜਨਾਬ ਚਰਨਜੀਤ ਆਹੂਜੱ ਦੀ। ਉਦੋਂ ਜਨਾਬ ਇਨਾਇਤ ਹੁਸੈਨ ਭੱਟੀ, ਰੇਸ਼ਮਾਂ, ਸ਼ੌਕਤ ਅਲੀ, ਅਕਰਮ ਰਾਹੀ ਤੇ ਕਈ ਹੋਰ ਕਲਾਕਾਰ ਏਧਰ ਆਏ। ਸਭਨਾਂ ਨੂੰ ਇਕੱਠਿਆਂ ਵੇਖਣਾ ਮੇਰੇ ਲਈ ਕਰਾਮਾਤ ਤੋਂ ਘੱਟ ਨਹੀਂ ਸੀ। ਜਿਸ ਦਿਨ ਇਸ ਕਾਫ਼ਲੇ ਨੇ ਅਟਾਰੀ ਰੇਲਵੇ ਸਟੇਸ਼ਨ ਤੇ ਆਉਣਾ ਸੀ ਉਸੇ ਦਿਨ ਬਟਾਲੇ ਸਾਡੇ ਪਿਰਥੀਪਾਲ ਦੀ ਨਿੱਕੀ ਭੈਣ ਨਿਰਮੋਲਜੀਤ ਦਾ ਵਿਆਹ ਸੀ। ਮੈਂ ਸ: ਜਗਦੇਵ ਸਿੰਘ ਜੱਸੋਵਾਲ ਨਾਲ ਪਹਿਲਾਂ ਬਟਾਲੇ ਗਿਆ ਤੇ ਸ਼ਾਮੀਂ ਅਟਾਰੀ ਸਟੇਸ਼ਨ ਤੱ ਜਾ ਕੇ ਸਭਨਾਂ ਕਲਾਕਾਰਾਂ ਦਾ ਸਵਾਗਤ ਕੀਤਾ। 
ਤੇਲ ਚੋ ਕੇ। ਗੁੜ ਨਾਲ ਮੂੰਹ ਜੁਠਾਲ ਕੇ। ਉਥੋਂ ਸ਼ੌਕਤ ਅਲੀ ਭਾ ਜੀ ਸਾਡੇ ਵਾਲੀ ਕਾਰ ਚ ਬਹਿ ਗਏ। ਰੇਸ਼ਮਾਂ ਵੀ।
ਕਹਿਣ ਲੱਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਹੀ ਹੋਰ ਕੰਮ ਕਰਨੈ।
ਬਾਕੀ ਕਲਾਕਾਰਾਂ ਨੇ ਵੀ ਇਹੀ ਮਿਥਿਆ ਹੋਇਆ ਸੀ। ਮਸ਼ਵਰਾ ਕਰਕੇ ਅਸੀਂ ਉਨ੍ਹਾਂ ਨੂੰ ਦਰਬਾਰ ਸਾਹਿਬ ਲੈ ਤੁਰੇ। ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ। ਸੰਗਤ ਬੇਸ਼ੁਮਾਰ ਸੀ। ਸ਼੍ਰੋਮਣੀ ਕਮੇਟੀ ਦੇ ਲੋਕ ਸੰਪਰਕ ਅਧਿਕਾਰੀ ਅਮਰਜੀਤ ਸਿੰਘ ਗਰੇਵਾਲ ਨੇ ਸਾਡੀ ਮਦਦ ਕੀਤੀ। ਜਲਦੀ ਮੱਥਾ ਟਿਕਵਾ ਦਿੱਤਾ। ਸੂਚਨਾ ਕੇਂਦਰ ਚ ਮੁੜੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਸਭਨਾਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਗਈ। ਸ਼ਾਇਦ ਉਦੋਂ ਸ: ਕੁਲਵੰਤ ਸਿੰਘ ਰੰਧਾਵਾ ਜੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਨ। ਰਾਮ ਬਾਗ ਕਲੱਬ ਚ ਸ: ਹਰਨੇਕ ਸਿੰਘ ਘੜੂੰਆਂ ਆਪਣੇ ਸਾਥੀ ਵਿਧਾਇਕਾਂ ਜਸਜੀਤ ਸਿੰਘ ਰੰਧਾਵਾ, ਪਰਮਿੰਦਰ ਸਿੰਘ ਰਾਜਾਸਾਂਸੀ ਤੇ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਪਣੇ ਵੱਡੇ ਵੀਰ ਸਮੇਤ ਇਨ੍ਹਾਂ ਨੂੰ ਉਡੀਕ ਰਹੇ ਰਹੇ ਸਨ।
ਮੋਹਾਲੀ ਸੰਗੀਤ ਉਤਸਵ ਚ ਵੀ ਪੂਰਾ ਸਮਾਂ ਨਾਲ ਨਾਲ ਹੀ ਰਹੇ।
ਸੰਗੀਤ ਉਤਸਵ ਤੋਂ ਪਰਤੇ ਤਾਂ ਅਟਾਰੀ ਸਟੇਸ਼ਨ ਤੇ ਖਲੋਤਿਆਂ ਪੰਮੀ ਬਾਈ, ਹਰਭਜਨ ਤੇ ਭਗਵੰਤ ਮਾਨ ਨੂੰ ਪੁੱਛਣ ਲੱਗੇ, ਉਇ! ਆਹ ਰੇਲ ਗੱਡੀ ਤੇ ਕੀ ਲਿਖਿਆ ਹੋਇਆ ਏ।
ਪੰਮੀ ਬੋਲਿਆ! ਸਮਝੌਤਾ ਐਕਸਪਰੈੱਸ।
ਬੋਲੇ ਸ਼ੌਕਤ ਭਾ ਜੀ, ਨਾ ਉਇ, ਇਹ ਵਿਛੋੜਾ ਐਕਸਪਰੈੱਸ ਜੇ। ਝੂਠ ਲਿਖਿਆ ਏ ਡੱਬਿਆਂ ਤੇ। ਮੈਨੂੰ ਲੈ ਚੱਲੀ ਜੇ।
ਦੂਜੀ ਮੁਲਾਕਾਤ 1997 ਚ ਹੋਈ ਜਦ ਮੈਂ ਆਪਣੀ ਜੀਵਨ ਸਾਥਣ ਜਸਵਿੰਦਰ ਕੌਰ ਸਮੇਤ ਪਹਿਲੀ ਵਾਰ ਗੁਰਧਾਮ ਯਾਤਰਾ ਲਈ ਜਥੇ ਚ ਪਾਕਿਸਤਾਨ ਗਿਆ।
ਉਦੋਂ ਸ਼ੌਕਤ ਅਲੀ ਸਾਹਿਬ ਕ੍ਰਿਸ਼ਨ ਨਗਰ ਲਾਹੌਰ ਵਾਲੇ ਘਰ ਚ ਰਹਿੰਦੇ ਸਨ। ਜਿਸ ਨੂੰ ਹੁਣ ਸ਼ਾਇਦ ਇਕਬਾਲ ਗੰਜ ਕਹਿੰਦੇ ਨੇ। ਅਸੀਂ ਵੀ ਆਪਣੇ ਮਿੱਤਰ ਜਸਵਿੰਦਰ ਸਿੰਘ ਬਲੀੱਏਵਾਲ ਸਮੇਤ ਭਾ ਜੀ ਰੀਤਿੰਦਰ ਸਿੰਘ ਭਿੰਡਰ ਦੇ ਸਬੰਧ ਵਾਲੇ ਭਾ ਜੀ ਅਸਲਮ ਖਾਨ ਲੋਧੀ ਸਾਹਿਬ ਦੇ ਘਰ ਠਹਿਰੇ ਹੋਏ ਸਾਂ।
ਮੈਂ ਸ਼ੌਕਤ ਅਲੀ ਭਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਅਸਲਮ ਭਾਈ ਸਾਹਿਬ ਨੇ ਫੋਨ ਕਰਕੇ ਸਮਾਂ ਨਿਸ਼ਚਤ ਕਰ ਦਿੱਤਾ।
ਅਸੀਂ ਦੋਵੇਂ ਜੀਅ ਤੇ ਬਲੀਏਵਾਲ ਸ਼ੌਕਤ ਭਾ ਜੀ ਦੇ ਬੂਹੇ ਤੇ ਜਾ ਟੱਲੀ ਖੜਕਾਈ। ਅਸਲਮ ਭਾਈ ਸਾਹਿਬ ਦਾ ਪੁੱਤਰ ਨਵੀਦ ਲੋਧੀ ਸਾਡੇ ਨਾਲ ਸੀ ਅਗਵਾਈ ਲਈ। ਹੁਣ ਉਹ ਪਾਕਿਸਤਾਨੀ ਪੰਜਾਬ ਦਾ ਹੜੱਪਾ ਤੋਂ ਵਿਧਾਇਕ ਹੈ।
ਸ਼ੌਕਤ ਅਲੀ ਭਾ ਜੀ ਦੀ ਬੇਗਮ ਨੇ ਬਰੂਹਾਂ ਤੇ ਤੇਲ ਚੋ ਕੇ ਸਾਡਾ ਸਵਾਗਤ ਕੀਤਾ। ਗੁੜ ਨਾਲ ਮੂੰਹ ਮਿੱਠਾ ਕਰਵਾਇਆ।
ਕਮਾਲ ਇਹ ਸੀ ਕਿ ਸਾਰਾ ਟੱਬਰ ਬਰਾਬਰ ਨਹੀਂ ਬੈਠੇ। ਗਲੀਚੇ ਤੇ ਬਹਿ ਕੇ ਖ਼ਾਤਰ ਤਵਾਜ਼ਾ ਕਰਦੇ ਰਹੇ। ਅਸਾਂ ਇੱਕ ਦੋ ਗੀਤ ਸੁਣਨੇ ਚਾਹੇ ਤਾਂ ਉਨ੍ਹਾਂ ਤੁਰੰਤ ਹਾਰਮੋਨੀਅਮ ਖੋਲ੍ਹ ਲਿਆ ਤੇ ਵਜਦ ਚ ਆ ਕੇ ਗਾਉਣ ਲੱਗ ਪਏ ਪਿਉ ਪੁੱਤਰ। ਦੱਸਿਆ ਕਿ ਇਮਰਾਨ ਨੇ ਤਾਂ ਮੋਟਰ ਵੇਅ ਦੇ ਉਦਘਾਟਨੀ ਸਮਾਗਮ ਚ ਵੀ ਗਾਇਆ ਹੈ ਜਿਸ ਨੂੰ ਪਾਕਿਸਤਾਨ ਟੀ ਵੀ ਨੇ ਟੈਲੀਕਾਸਟ ਕੀਤਾ ਹੈ।
ਅਸੀਂ ਲੋਧੀ ਸਾਹਿਬ ਦੇ ਦਾਮਾਦ ਘਰ ਰੋਟੀ ਖਾਣ ਜਾਣਾ ਸੀ,ਉਹ ਸਾਨੂੰ ਨਾਲ ਛੱਡਣ ਗਏ। ਮੇਰੀਆਂ ਅੱਖਾਂ ਚ ਖੁਸ਼ੀ ਦੇ ਹੰਝੂ ਸਨ। ਪੂਰੇ ਗਲੋਬ ਤੇ ਛਾਏ ਬੈਠੇ ਕਲਾਕਾਰ ਵਿੱਚ ਏਨੀ ਸਾਦਗੀ। ਮੇਰੀ ਤੌਬਾ।
ਫਿਰ ਉਹ ਭਗਵੰਤ ਮਾਨ ਦੇ ਵਿਆਹ ਤੇ ਲੁਧਿਆਣੇ ਆਏ। ਉਨ੍ਹਾਂ ਦਾ ਪੁੱਤਰ ਮੋਹਸਿਨ ਅਲੀ ਵੀ ਨਾਲ ਸੀ। ਭਗਵੰਤ ਦਾ ਸਰਬਾਲ੍ਹਾ ਬਣਿਆ।
ਪਰਵੇਜ਼ ਮਹਿੰਦੀ ਸਾਹਿਬ ਵੀ ਆਏ ਹੋਏ ਸਨ ਆਪਣੇ ਪੁੱਤਰ ਅਲੀ ਪਰਵੇਜ਼ ਸਮੇਤ। ਸ: ਤੇਜ ਪ੍ਰਤਾਪ ਸਿੰਘ ਸੰਧੂ ਦੇ ਸਟੁਡੀਉ ਦੇ ਨਾਲ ਲੱਗਵੇਂ ਹੈਰੀ ਪੈਲਿਸ ਚ ਹੀ ਵਿਆਹ ਸੀ। ਸਾਰੇ ਜਣੇ ਅਸੀਂ ਬਾਬੂ ਸਿੰਘ ਮਾਨ ਸਮੇਤ ਸੰਧੂ ਸਟੁਡੀਉ ਆਣ ਬੈਠੇ। ਇਹ ਤਸਵੀਰ ਉਸੇ ਦਿਨ ਖਿੱਚੀ ਸੀ ਤੇਜ ਪਰਤਾਪ ਨੇ।
ਪੈਲਿਸ ਵਿੱਚ ਪਰਤੇ ਤਾਂ ਸਤਿੰਦਰਪਾਲ ਸਿੰਘ ਸਿੱਧਵਾਂ ਮੰਚ ਤੋਂ ਬੋਲਿਆ
ਮਾਨਾਂ ਦੇ ਵਿਆਹ ਚ ਕਿੰਨੇ ਵੱਡੇ ਵੱਡੇ ਮਾਨ ਆਏ ਨੇ। ਹਰਭਜਨ ਮਾਨ, ਗੁਰਸੇਵਕ ਮਾਨ, ਬਾਬੂ ਸਿੰਘ ਮਾਨ ਤੇ ਕਿੰਨੇ ਹੋਰ।
ਬਾਬੂ ਸਿੰਘ ਮਾਨ ਬੋਲੇ, ਤਿੰਨ ਮੁਸਲ ਮਾਨ ਵੀ ਨੇ। ਸ਼ੌਕਤ ਭਾ ਜੀ ਇਹ ਸੁਣ ਕੇ ਰੱਜਵਾਂ ਹੱਸੇ।
ਕਿਹੜੀ ਗੱਲ ਕਰਾਂ ਤੇ ਕਿਹੜੀ ਛੱਡਾਂ। ਮਗਰੋਂ ਕਈ ਮੁਲਾਕਾਤਾਂ। ਲਾਹੌਰ ਵੀ, ਲੁਧਿਆਣੇ ਵੀ।
ਮੇਰੇ ਪੁੱਤਰ ਪੁਨੀਤ ਦੇ ਵਿਆਹ ਤੇ 2009 ਚ ਲਾਹੌਰੋਂ ਉਚੇਚਾ ਸਲਵਾਰ ਕਮੀਜ਼ ਘੱਲਿਆ ਉਨ੍ਹਾਂ।
ਸੁਰਿੰਦਰ ਸ਼ਿੰਦਾ ਨੂੰ ਨਿੱਕਾ ਵੀਰ ਕਹਿੰਦੇ ਹਮੇਸ਼। ਪਰ ਆਖਦੇ, ਕਿ ਰੁੱਸਦਾ ਬਹੁਤ ਹੈ। ਮੈਂ ਵੀ ਹਾਮੀ ਭਰਦਾ ਤੇ ਅਸੀਂ ਦੋਵੇਂ ਇੱਕੋ ਫ਼ਿਕਰਾ ਸਾਂਝਾ ਬੋਲਦੇ, ਪਰ ਟੁੱਟਦਾ ਨਹੀਂ, ਮੰਨ ਵੀ ਇੱਕੋ ਗਲਵੱਕੜੀ ਨਾਲ ਜਾਂਦੈ।
2014 ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਲਾਹੌਰ ਦੇ ਪਾਕਿ ਹੈਰੀਟੇਜ ਹੋਟਲ ਚ ਸਾਨੂੰ ਮਿਲਣ ਆਏ , ਪੁੱਤਰ ਅਲੀ ਇਮਰਾਨ ਸਮੇਤ। ਮੈਂ ਭਾ ਜੀ ਉਜਾਗਰ ਸਿੰਘ ਕੰਵਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਵੀ ਮਿਲਾਇਆ।
ਹਰਭਜਨ ਮਾਨ ਤੇ ਭਗਵੰਤ ਮਾਨ ਦੇ ਕਹਿਣ ਤੇ ਖੜ੍ਹੇ ਪੈਰ ਇੱਕ ਵਾਰ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵਿੱਚ ਸ਼ੌਕਤ ਅਲੀ ਤੇ ਉਨ੍ਹਾਂ ਦੇ ਪੁੱਤਰ ਮੋਹਸਿਨ ਅਲੀ ਨੂੰ ਸੁਣਿਆ।
ਹਰਭਜਨ ਤੇ ਭਗਵੰਤ ਨੇ ਐਲਾਨੀਆ ਮੈਨੂੰ ਕਿਹਾ, ਭਾ ਜੀ, ਅਸੀਂ ਭੁੰਜੇ ਘਾਹ ਤੇ ਬਹਿ ਕੇ ਸ਼ੌਕਤ ਅਲੀ ਨੂੰ ਸੁਣਨਾ
ਹੈ। ਉਨ੍ਹਾਂ ਇਵੇਂ ਹੀ ਕੀਤਾ। ਦੋਹਾਂ ਨੇ ਇੱਕ ਇੱਕ ਲੱਖ ਰੁਪਿਆ ਸ਼ੌਕਤ ਅਲੀ ਭਾ ਜੀ ਦੇ ਚਰਨੀਂ ਧਰਿਆ ਤੇ ਬਗਲਗੀਰ ਹੋਏ। ਹੁਣ ਵੀ ਕਦੇ ਕਦੇ ਯਾਦ ਕਰਦੇ ਨੇ ਨਿਰਮਲ ਜੌੜਾ, ਜਸਮੇਰ ਢੱਟ, ਡਾਃ ਸ ਪ ਸਿੰਘ ਤੇ ਪ੍ਰੋ, ਪਿਰਥੀਪਾਲ ਸਿੰਘ ਕਪੂਰ ਜੀ। ਸਾਡਾ ਵੀਰ ਡਾ.  ਇੰਦਰਜੀਤ ਸਿੰਘ ਉਦੋਂ ਇਸ ਕਾਲਿਜ ਦਾ ਪ੍ਰਿੰਸੀਪਲ ਸੀ, ਪਰ ਪੂਰਾ ਪ੍ਰਬੰਧ ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਸਵਰਗੀ ਪ੍ਰੋ.  ਗੁਣਵੰਤ ਸਿੰਘ ਦੂਆ ਜੀ ਨੇ ਕਰਵਾ ਕੇ ਦਿੱਤਾ। ਯਾਗਾਂ ਦੇ ਕਾਫ਼ਲੇ ਨਿਰੰਤਰ ਤੁਰ ਰਹੇ ਨੇ। ਕੱਲ੍ਹ ਦੀਆਂ ਬਾਤਾਂ ਨੇ, ਅੱਜ ਇਤਿਹਾਸ ਬਣੀਆੰ ਨੇ ਭਾਵੇਂ। ਦੋ ਸਾਲ ਬੀਤ ਗਏ ਨੇ ਸਾਡੇ ਵੀਰ ਨੂੰ ਨਿੱਖੜਿਆਂ। ਯਾਦ ਸਲਾਮਤ ਹੈ। ਇਹ ਉਹ ਖੂਹ ਹੈ ਜਿਸ ਨੂੰ ਟਿੰਡਾਂ ਖ਼ਾਲੀ ਨਹੀਂ ਕਰ ਸਕਦੀਆਂ।