ਸ਼ਹੀਦ ਜਵਾਨ ਤਰਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

  • ਸ਼ਹੀਦਾ ਦੇ ਪਰਿਵਾਰਾ ਦੇ ਦਿੱਤੇ ਵਡਮੁੱਲੇ ਯੋਗਦਾਨ ਨੂੰ ਕੀਤਾ ਨਮਨ

ਬੱਸੀ ਪਠਾਣਾਂ, 21 ਅਗਸਤ : ਦੇਸ਼ ਲਈ ਜਾਨਾ ਵਾਰਨ ਵਾਲੇ ਕੌਮ ਦੇ ਹੀਰਿਆਂ ਦਾ ਸਦਾ ਮਾਨ ਸਨਮਾਨ ਰਹੇਗਾ। ਉਨ੍ਹਾਂ ਦੇ ਪਰਿਵਾਰਾ ਨਾਲ ਵੀ ਸਰਕਾਰ ਦੀ ਪੂਰੀ ਹਮਦਰਦੀ ਹੈ, ਹਰ ਸੰਭਵ ਸਹਾਇਤਾ ਕਰਨਾ, ਮਾਨ ਸਨਮਾਨ ਦੇਣਾ ਪ੍ਰਸਾਸ਼ਨ ਦੀ ਜਿੰਮੇਵਾਰੀ ਹੈ। ਇਹ ਪ੍ਰਗਟਾਵਾ ਹਲਕਾ ਬਸੀ ਪਠਾਣਾਂ ਤੋਂ ਵਿਧਾਇਕ ਸ੍ਰੀ ਰੁਪਿੰਦਰ ਸਿੰਘ ਹੈਪੀ ਨੇ ਬਹੁਤ ਹੀ ਗਮਗੀਨ ਮਾਹੌਲ ਵਿੱਚ ਜ਼ਿਲ੍ਹੇ ਦੇ ਪਿੰਡ ਕਮਾਲੀ ਦੇ ਸ਼ਹੀਦ ਫੌਜੀ ਤਰਨਦੀਪ ਸਿੰਘ ਦੀਆਂ ਅੰਤਿਮ ਰਸਮਾਂ ਉਪਰੰਤ ਕੀਤਾ। ਬੀਤੇ ਦਿਨੇ ਜੰਮੂ ਕਸ਼ਮੀਰ-ਲੇਹ ਰੋਡ 'ਤੇ ਭਾਰਤੀ ਫੌਜ ਦੀ ਇੱਕ ਗੱਡੀ ਦਾ ਐਕਸੀਡੈਂਟ ਹੋਣ ਕਾਰਨ ਸ਼ਹੀਦ ਹੋਏ 9 ਫੌਜੀਆਂ ਵਿੱਚ ਤਰਨਦੀਪ ਸਿੰਘ (23) ਵੀ ਸ਼ਾਮਲ ਸੀ। ਇਸ ਮੌਕੇ  ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਅੱਜ ਸ਼ਹੀਦ ਤਰਨਦੀਪ ਸਿੰਘ ਦਾ ਪਾਰਥਿਵ ਸ਼ਰੀਰ ਉਨ੍ਹਾਂ ਦੇ ਗ੍ਰਹਿ ਪਿੰਡ ਕਮਾਲੀ ਵਿਖੇ ਲਿਆਂਦਾ ਗਿਆ। ਜਿੱਥੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ ਅਤੇ ਸਰਕਾਰ, ਪ੍ਰਸਾਸ਼ਨ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਪਰਿਵਾਰ ਦੇ ਜਜ਼ਬਾਤ ਚੰਗੀ ਤਰ੍ਹਾਂ ਸਮਝ ਸਕਦੇ ਹਨ, ਕਿਉਂਕਿ ਉਹ ਵੀ ਇੱਕ ਫੌਜੀ ਪਰਿਵਾਰ ਵਿਚੋਂ ਹਨ ਅਤੇ ਉਨ੍ਹਾਂ ਦੇ ਪਿਤਾ ਨੇ ਵੀ ਭਾਰਤੀ ਫੌਜ ਦੀਆਂ ਸਰਵਉੱਚ ਪ੍ਰੰਪਰਾਵਾਂ ਨੂੰ ਅੱਗੇ ਵਧਾਉਂਦੇ ਹੋਏ ਕਸ਼ਮੀਰ ਵਿੱਚ ਆਪਣੀ ਸ਼ਹਾਦਤ ਦਿੱਤੀ। ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਦੇ ਪਿਤਾ ਬ੍ਰਿਗੇਡੀਅਰ ਸ. ਬਲਵਿੰਦਰ ਸਿੰਘ ਸ਼ੇਰਗਿੱਲ ਵੀ ਸਾਲ 2000 ਵਿਚ ਅੱਜ ਦੇ ਦਿਨ ਹੀ (21 ਅਗਸਤ) ਜੰਮੂ ਕਸ਼ਮੀਰ ਵਿਚ ਆਪਣੀ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ  ਸ. ਬਲਵਿੰਦਰ ਸਿੰਘ ਸ਼ੇਰਗਿੱਲ, ਬ੍ਰਿਗੇਡੀਅਰ ਰੈਂਕ ਦੇ ਇਕੋ ਇਕ ਅਧਿਕਾਰੀ ਸਨ ਜੋ ਜੰਮੂ ਕਸ਼ਮੀਰ ਵਿਚ ਡਿਊਟੀ ਦੌਰਾਨ ਸ਼ਹੀਦ ਹੋਏ। ਇਸ ਮੌਕੇ ਸ਼ਹੀਦ ਦੇ ਪਿਤਾ ਸ. ਕੇਵਲ ਸਿੰਘ ਤੇ ਮਾਤਾ ਸ਼੍ਰੀਮਤੀ ਪਲਵਿੰਦਰ ਕੌਰ ਤੇ ਇੱਕ ਛੋਟੀ ਭੈਣ ਨਵਦੀਪ ਕੌਰ ਤੇ ਸਮੁੱਚਾ ਪਰਿਵਾਰ ਸੋਗ ਗ੍ਰਸਤ ਸੀ। ਜਿਨ੍ਹਾਂ ਨੇ ਦੱਸਿਆ ਕਿ ਤਰਨਦੀਪ ਸਿੰਘ ਵਿਚ ਦੇਸ਼ ਲਈ ਸੇਵਾ ਦਾ ਭਰਪੂਰ ਜਜਬਾ ਸੀ। ਤਰਨਦੀਪ ਸਿੰਘ ਸਾਲ 2018 ਵਿੱਚ ਫੌਜ 'ਚ ਭਰਤੀ ਹੋਇਆ ਸੀ। ਸ਼ਹੀਦ ਤਰਨਦੀਪ ਸਿੰਘ ਦੇ ਪਿਤਾ ਸ. ਕੇਵਲ ਸਿੰਘ ਕਿਸਾਨ ਹਨ, ਜੋ ਕਿ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਪਿਤਾ ਸ. ਕੇਵਲ ਸਿੰਘ ਦੇ ਦੱਸਣ ਅਨੁਸਾਰ ਤਰਨਦੀਪ ਸਿੰਘ ਕੁਝ ਸਮਾਂ ਪਹਿਲਾਂ ਛੁੱਟੀ 'ਤੇ ਆਇਆ ਸੀ ਅਤੇ ਛੁੱਟੀ ਕੱਟਣ ਉਪਰੰਤ ਲੇਹ ਲਦਾਖ ਵਿੱਚ ਡਿਊਟੀ 'ਤੇ ਗਿਆ ਸੀ। ਪਿਤਾ ਮੁਤਾਬਕ ਤਰਨਦੀਪ ਸਿੰਘ ਆਪਣੇ ਸਾਥੀਆਂ ਨਾਲ ਡਿਊਟੀ ਤਹਿਤ ਕਿਸੇ ਥਾਂ ਜਾ ਰਿਹਾ ਸੀ ਤਾਂ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਡਾ.ਰਵਜੋਤ ਗਰੇਵਾਲ, ਐਸ ਡੀ ਐਮ ਖਮਾਣੋਂ ਡਾ ਸੰਜੀਵ ਕੁਮਾਰ ਸਮੇਤ ਫੌਜ ਦੇ ਅਧਿਕਾਰੀਆ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ।