ਖੰਨਾ ‘ਚ 20 ਤੋਂ ਵੱਧ ਆਵਾਰਾ ਕੁੱਤਿਆਂ ਦੀ ਮੌਤ ਕਾਰਨ ਇਲਾਕੇ ‘ਚ ਫੈਲੀ ਸਨਸਨੀ

ਖੰਨਾ, 19 ਮਈ : ਖੰਨਾ ਦੇ ਲਲਹੇੜੀ ਰੋਡ ‘ਤੇ ਸਥਿਤ ਕੇਹਰ ਸਿੰਘ ਕਾਲੋਨੀ ‘ਚ ਕੁਝ ਸ਼ਰਾਰਤੀ ਅਨਸਰਾਂ ਨੇ ਆਵਾਰਾ ਕੁੱਤਿਆਂ ਨੂੰ ਜ਼ਹਿਰ ਪਾ ਦਿੱਤਾ, ਜਿਸ ਕਾਰਨ 20 ਤੋਂ ਵੱਧ ਕੁੱਤਿਆਂ ਦੀ ਮੌਤ ਹੋ ਗਈ ਹੈ। ਕੁੱਤਿਆਂ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਇਲਾਕਾ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਨੂੰ ਕੁੱਤਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕੱਲ੍ਹ ਤੱਕ ਇਲਾਕੇ ਵਿੱਚ ਕਰੀਬ 20 ਤੋਂ 25 ਕੁੱਤੇ ਆਵਾਰਾ ਘੁੰਮ ਰਹੇ ਸਨ ਪਰ ਅੱਜ ਇਹ ਸਾਰੇ ਹੀ ਅਚਾਨਕ ਲਾਪਤਾ ਹਨ। ਹੁਣ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਕਈ ਲਾਸ਼ਾਂ ਨੂੰ ਲੋਕਾਂ ਨੇ ਦੱਬ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਕੁੱਤਿਆਂ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਲੋਕਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਇਲਾਕੇ ਵਿੱਚ ਕਈ ਕੁੱਤੇ ਉਲਟੀਆਂ ਕਰ ਰਹੇ ਸਨ, ਜਿਨ੍ਹਾਂ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਕੁੱਤਿਆਂ ਨੂੰ ਜ਼ਹਿਰ ਦੇਣ ਅਤੇ ਮਾਰਨ ਦੇ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।