ਵਿਜੀਲੈਂਸ ਵਿਭਾਗ ਵੱਲੋਂ ਜਾਗਰੂਕਤਾ ਹਫਤੇ ਸਬੰਧੀ ਜਲਾਲਾਬਾਦ ਵਿਖੇ ਕਰਵਾਇਆ ਸੈਮੀਨਾਰ  

ਫਾਜਿ਼ਲਕਾ, 2 ਨਵੰਬਰ : ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਸ੍ਰੀ ਵਰਿੰਦਰ ਕੁਮਾਰ ਆਈਪੀਐਸ ਅਤੇ ਐਸਐਸਪੀ ਵਿਜੀਲੈਂਸ ਬਿਓਰੋ ਫਿਰੋਜ਼ਪੁਰ ਸ੍ਰੀ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਜੀਲੈਂਸ ਵਿਭਾਗ ਫਾਜਿ਼ਲਕਾ ਵੱਲੋਂ ਜਲਾਲਾਬਾਦ ਦੇ ਡੀਏਵੀ ਸੀਨਿਅਰ ਸੈਕੰਡਰੀ ਸਕੂਲ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਵਿਜੀਲੈਂਸ ਵਿਭਾਗ ਦੇ ਡੀਐਸਪੀ ਸ੍ਰੀ ਬਲਕਾਰ ਸਿੰਘ ਨੇ ਕੀਤੀ। ਇਸ ਮੌਕੇ ਡੀਐਸਪੀ ਬਲਕਾਰ ਸਿੰਘ ਨੇ ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ 30 ਅਕਤੂਬਰ ਤੋਂ 5 ਨਵੰਬਰ ਤੱਕ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਜ਼ੇਕਰ ਕਿਸੇ ਨੂੰ ਭ੍ਰਿਸ਼ਟਾਚਾਰ ਸਬੰਧੀ ਕੋਈ ਸਿ਼ਕਾਇਤ ਹੋਵੇ ਤਾਂ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ ਜਾਂ ਵਿਜੀਲੈਂਸ ਦੇ ਹੈਲਪਲਾਈਨ ਨੰਬਰ 1800—1800—1000 ਤੇ ਕਾਲ ਕਰ ਸਕਦਾ ਹੈ। ਇਸ ਮੌਕੇ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਭੁਪਿੰਦਰ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜਾਣਕਾਰੀ ਦਿੱਤੀ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰੀਤੂ ਭਟਨਾਗਰ ਨੇ ਸਮਾਜਿਕ ਕਦਰਾਂ ਕੀਮਤਾਂ ਪ੍ਰਤੀ ਸੰਜੀਦਾ ਰਹਿਣ ਅਤੇ ਇਕ ਆਦਰਸ਼ ਨਾਗਰਿਕ ਬਣਨ ਲਈ ਵਿਦਿਆਰਥੀਆਂ ਨੂੰ ਪੇ੍ਰਰਿਤ ਕੀਤਾ। ਵਿਜੀਲੈਂਸ ਵਿਭਾਗ ਤੋਂ  ਇੰਸਪੈਕਟਰ ਮਨਛਿੰਦਰ ਸਿੰਘ ਮਾਨ, ਸਕੂਲ ਸਟਾਫ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਹਾਜਰ ਸਨ।