ਸਰਕਾਰ ਦੁਆਰਾ ਕੀਤੇ ਉਪਰਾਲਿਆਂ ਨੂੰ ਦੇਖ ਨਰਮੇ ਦੀ ਫ਼ਸਲ ਹੇਠ ਰਕਬਾ ਵਧਾਉਣ ਕਿਸਾਨ: ਡਾ. ਬੁੱਟਰ

ਲੁਧਿਆਣਾ 28 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਬੀਤੇ ਦਿਨੀਂ ਨਰਮੇ ਦੀ ਕਾਸ਼ਤ ਬਾਰੇ ਜ਼ਮੀਨੀ ਹਾਲਾਤ ਜਾਣਨ ਲਈ ਨਰਮਾ ਪੱਟੀ ਦਾ ਦੌਰਾ ਕੀਤਾ | ਇਸ ਦੌਰਾਨ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ ਦੀ ਟੀਮ ਨਾਲ ਜ਼ਿਲ•ਾ ਮਾਨਸਾ ਦੇ ਨਰਮੇ ਵਾਲੇ ਬਲਾਕਾਂ ਅਧੀਨ ਪੈਂਦੇ ਪਿੰਡਾਂ ਜੌੜਕੀਆਂ, ਪੈਰੋਂ, ਬਹਿਣੀਵਾਲ ਅਤੇ ਟਾਂਡੀਆਂ ਵਿੱਚ ਗਏ| ਪਿੰਡਾਂ ਦੀਆਂ ਸਾਂਝੀਆਂ ਥਾਵਾਂ ਅਤੇ ਖੇਤਾਂ ਵਿੱਚ ਕਿਸਾਨਾਂ ਨੂੰ ਮਿਲਕੇ ਡਾ. ਬੁੱਟਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੀ ਕਾਫ਼ੀ ਉਪਰਾਲੇ ਕੀਤੇ ਜਾ ਰਹੇ ਹਨ | ਇਹਨਾਂ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੇ ਨਰਮੇ ਦੇ ਬੀਜਾਂ ਉਪਰ 33 ਪ੍ਰਤੀਸ਼ਤ ਸਬਸਿਡੀ ਸਮੇਂ ਸਿਰ ਨਹਿਰੀ ਪਾਣੀ ਦੀ ਸਪਲਾਈ ਦੇਣ ਦੇ ਨਾਲ-ਨਾਲ ਨਰਮੇ ਵਾਲੇ ਜਿਲਿਆਂ ਵਿੱਚ Tਮਿਸ਼ਨ ਉੱਨਤ ਕਿਸਾਨUਤਹਿਤ ਕਿਸਾਨ ਮਿੱਤਰ ਅਤੇ ਸੁਪਰਵਾਈਜ਼ਰ ਦੀ ਭਰਤੀ ਕਰਨਾ ਸ਼ਾਮਿਲ ਹੈ| ਡਾ. ਬੁੱਟਰ ਨੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਬੀ.ਐੱਸ.ਸੀ ਐਗਰੀਕਲਚਰ ਕਰਦੇ ਬੱਚਿਆਂ ਨੂੰ ਨਰਮਾ ਪੱਟੀ ਵਿਚ ਘਰ-ਘਰ ਜਾ ਕੇ ਨਰਮੇ ਦੇ ਸੁਧਰੇ ਬੀਜਾਂ, ਨਰਮੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੀ ਪਹਿਚਾਣ ਅਤੇ ਰੋਕਥਾਮ ਸਬੰਧੀ ਖੇਤੀ ਸਾਹਿਤ ਵੰਡਣ ਦੇ ਨਾਲ-ਨਾਲ ਹੋਰ ਨਵੇਕਲੇ ਕਾਸ਼ਤਕਾਰੀ ਢੰਗਾਂ ਬਾਰੇ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨ ਲਈ ਭੇਜਿਆ ਜਾ ਰਿਹਾ ਹੈ| ਡਾ. ਬੁੱਟਰ ਨੇ ਕਿਸਾਨਾਂ ਦੇ ਵਿਚਾਰ ਸੁਣਦਿਆਂ ਕਿਹਾ ਕਿ ਪੰਜਾਬ ਦੇ ਦੱਖਣੀ ਪੱਛਮੀ ਜ਼ਿਲਿਆਂ ਦੇ ਪੌਣ-ਪਾਣੀ ਅਨੁਸਾਰ ਨਰਮਾ, ਸਾਉਣੀ ਦੀ ਮੁੱਖ ਰਵਾਇਤੀ ਫਸਲ ਹੈ ਜਿਸ ਕਰਕੇ ਸੂਬੇ ਦਾ ਇਹ ਇਲਾਕਾ ‘ਨਰਮਾ ਪੱਟੀ’ ਦੇ ਨਾਮ ਨਾਲ ਵੀ ਮਸ਼ੂਹਰ ਹੈ ਅਤੇ ਅਸੀਂ ਇਹ ਰੁਤਬਾ ਪਹਿਲਾਂ ਦੀ ਤਰ•ਾ ਕਾਇਮ ਰੱਖਣਾ ਹੈ| ਡਾ. ਬੁੱਟਰ ਨੇ ਕਿਸਾਨਾਂ ਨੂੰ ਨਿਰੰਤਰ ਸਰਵੇਖਣ ਦੀ ਅਪੀਲ ਕਰਦਿਆਂ ਲਗਾਤਾਰ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ, ਕਿਸਾਨ ਮਿੱਤਰਾਂ ਅਤੇ ਸੁਪਰਵਾਈਜ਼ਰਾਂ ਦੇ ਸੰਪਰਕ ਵਿਚ ਰਹਿਣ ਲਈ ਕਿਹਾ ਤਾਂ ਜੋ ਮਿਲ ਕੇ ਨਰਮੇ ਦੀ ਕਾਸ਼ਤ ਹੇਠ ਰਕਬੇ ਨੂੰ ਸਫ਼ਲਤਾ ਪੂਰਵਕ ਵਧਾਇਆ ਜਾ ਸਕੇ| ਡਾ ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ ਅਤੇ ਡਾ ਰਣਵੀਰ ਸਿੰਘ (ਸਹਾਇਕ  ਪ੍ਰੋਫੈਸਰ) ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਨੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ 15 ਮਈ ਤੱਕ ਪੂਰੀ ਕਰ ਲੈਣ ਦਾ ਸੁਝਾਅ ਦਿੱਤਾ| ਇਸ ਦੇ ਨਾਲ ਹੀ ਉਨ•ਾਂ ਨੇ ਕਿਹਾ ਕਿ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਮੂੰਗੀ ਬੀਜਣ ਤੋਂ ਗੁਰੇਜ਼ ਕੀਤਾ ਜਾਵੇ| ਉਨ•ਾਂ ਦੱਸਿਆਂ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਦੀ ਰੋਕਥਾਮ ਲਈ 1000 ਏਕੜ ਰਕਬੇ ਵਿੱਚ ਸਪਲੈਟ ਤਕਨੋਲੋਜੀ ਦਾ ਨਤੀਜਾ ਚੰਗਾ ਆਇਆ ਸੀ ਅਤੇ ਉਮੀਦ ਹੈ ਕਿ ਇਸ ਸਾਲ ਵੀ ਕਿਸਾਨਾਂ ਅਤੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਗੁਲਾਬੀ ਸੁੰਡੀ  ਦਾ ਨਿਯੰਤਰਣ ਕੀਤਾ ਜਾ ਸਕਦਾ ਹੈ|