ਐਸ.ਡੀ.ਐਮ. ਰਾਜਪੁਰਾ ਵੱਲੋਂ ਨਗਰ ਕੌਸਲ, ਫਾਇਰ ਬ੍ਰਿਗੇਡ, ਪੈਪਸੂ ਟਾਊਨ ਡਿਵੈਲਪਮੈਂਟ ਬੋਰਡ ਤੇ ਪੰਜਾਬ ਵਾਕਫ ਬੋਰਡ 'ਚ ਹਾਜਰੀ ਦੀ ਚੈਕਿੰਗ

  • ਗ਼ੈਰ-ਹਾਜਰ ਪਾਏ ਮੁਲਾਮਜਾਂ ਨੂੰ ਨੋਟਿਸ ਜਾਰੀ, ਸਮੇਂ ਦੇ ਪਾਬੰਦ ਰਹਿਣ ਦੇ ਆਦੇਸ਼

ਰਾਜਪੁਰਾ, 30 ਮਈ : ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਨਗਰ ਕੌਸਲ, ਫਾਇਰ ਬ੍ਰਿਗੇਡ, ਪੈਪਸੂ ਟਾਊਨ ਡਿਵੈਲਪਮੈਂਟ ਬੋਰਡ  ਅਤੇ ਪੰਜਾਬ ਵਾਕਫ ਬੋਰਡ ਦੇ ਦਫ਼ਤਰ ਵਿਖੇ ਸਵੇਰੇ 7.30 ਵਜੇ ਤੋਂ 8 ਵਜੇ ਤੱਕ ਹਾਜਰੀ ਦੀ ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਸਮੂਹ ਦਫ਼ਤਰਾਂ ਤੇ ਬੋਰਡਾਂ ਤੇ ਨਿਗਮਾਂ ਦਾ ਸਮਾਂ ਤਬਦੀਲ ਕਰਕੇ ਸਵੇਰੇ 7.30 ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਇਸ ਸਮੇਂ ਦੌਰਾਨ ਹੀ ਸਰਕਾਰੀ ਸੇਵਾਵਾਂ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੇ ਇਸ ਦਾ ਜਾਇਜ਼ਾ ਲੈਣ ਲਈ ਅੱਜ ਸਰਕਾਰੀ ਦਫ਼ਤਰਾਂ ਵਿਖੇ ਅਚਨਚੇਤ ਚੈਕਿੰਗ ਕੀਤੀ ਹੈ। ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਅੱਗੇ ਦੱਸਿਆ ਕਿ ਨਗਰ ਕੌਸਲ ਤੇ ਪੈਪਸੂ ਟਾਊਨ ਡਿਵੈਲਪਮੈਂਟ ਬੋਰਡ ਦੇ ਸਾਰੇ ਕਰਮਚਾਰੀ ਤੇ ਅਧਿਕਾਰੀ ਆਪਣੀ ਡਿਊਟੀ 'ਤੇ ਹਾਜਰ ਸਨ। ਫਾਇਰ ਬ੍ਰਿਗੇਡ ਦੇ ਫਾਇਰ ਅਫ਼ਸਰ ਇੰਚਾਰਜ ਅਤੇ ਫਾਇਰਮੈਨ ਡਿਊਟੀ 'ਤੇ ਹਾਜਰ ਸਨ ਪਰ ਕੋਈ ਵੀ ਆਪਣੀ ਵਰਦੀ ਵਿੱਚ ਨਹੀਂ ਸੀ, ਜਿਸ ਸਬੰਧੀ ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ ਸੰਗੀਤ ਕੁਮਾਰ ਨੂੰ ਹਦਾਇਤ ਕੀਤੀ ਗਈ ਕਿ ਇਸ ਅਣਗਹਿਲੀ ਲਈ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤਾ ਜਾਵੇ। ਪੰਜਾਬ ਵਕਫ਼ ਬੋਰਡ ਰਾਜਪੁਰਾ ਦੇ ਦਫ਼ਤਰ ਵਿਖੇ 8 ਵਜੇ ਤੱਕ ਕੋਈ ਕਰਮਚਾਰੀ ਡਿਊਟੀ 'ਤੇ ਹਾਜਰ ਨਹੀਂ ਸੀ, ਇਸ ਤੋਂ ਪਹਿਲਾ ਵੀ ਇਸ ਦਫ਼ਤਰ ਦੇ ਕਰਮਚਾਰੀ ਗ਼ੈਰ-ਹਾਜਰ ਪਾਏ ਗਏ ਸਨ ਪਰ ਜੁਬਾਨੀ ਚਿਤਾਵਨੀ ਦੇ ਕੇ ਛੱਡ ਦਿੱਤੇ ਗਏ ਸਨ। ਪਰੰਤੂ ਇਸ ਵਾਰ ਡਿਊਟੀ ਤੋਂ ਗੈਰ-ਹਾਜਰੀ ਲਈ ਇਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਅਤੇ ਡਿਪਟੀ ਕਮਿਸਨਰ ਨੂੰ ਵੀ ਇਨ੍ਹਾਂ ਕਰਮਚਾਰੀਆਂ ਦੀ ਗ਼ੈਰ-ਹਾਜਰੀ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਐਸ.ਡੀ.ਐਮ. ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਲੋਕਾਂ ਨੂੰ ਬਿਹਤਰ ਪ੍ਰਸ਼ਾਨਿਕ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਬਾਰੇ ਹਦਾਇਤ ਜਾਰੀ ਕਰਕੇ ਸਰਕਾਰੀ ਨਿਯਮਾਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।