ਐਸ.ਡੀ.ਐਮ. ਡਾ: ਸੰਜੀਵ ਨੇ ਬਚਾਈ ਹੜ੍ਹ ਚ ਫਸੇ ਵਿਅਕਤੀ ਦੀ ਜਾਨ

  • ਗੁਰਦੁਆਰਾ ਬੀਬਾਨਗੜ੍ਹ ਨੇੜੇ ਹੜ੍ਹ ਚ ਫਸੇ ਵਿਅਕਤੀ ਨੂੰ ਤੈਰ ਕੇ ਕੱਢਿਆ ਬਾਹਰ

ਫ਼ਤਹਿਗੜ੍ਹ ਸਾਹਿਬ, 12 ਜੁਲਾਈ  : ਇੱਕ ਪਾਸੇ ਜਿਥੇ ਹੜ੍ਹਾਂ ਕਾਰਨ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ ਉਥੇ ਹੀ ਖਮਾਣੋਂ ਦੇ ਐਸ.ਡੀ.ਐਮ. ਡਾ: ਸੰਜੀਵ ਕੁਮਾਰ ਨੇ ਪਾਣੀ ਵਿੱਚ ਫਸੇ ਇੱਕ ਵਿਅਕਤੀ ਦੀ ਜਾਨ ਬਚਾ ਕੇ ਮਿਸਾਲ ਪੇਸ਼ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੂਆਰਾ ਬੀਬਾਨਗੜ੍ਹ ਨੇ ਹੜ੍ਹ ਦਾ ਪਾਣੀ ਚੜਿਆ ਹੋਇਆ ਸੀ ਅਤੇ ਇੱਕ ਵਿਅਕਤੀ ਇਸ ਪਾਣੀ ਵਿੱਚ ਫੱਸ ਗਿਆ ਪਾਣੀ ਦਾ ਬਹਾਅ ਏਨਾ ਤੇਜ ਸੀ ਕਿ ਇਸ ਵਿੱਚ ਖੜ੍ਹਾ ਹੋਣਾ ਵੀ ਬਹੁਤ ਮੁਸ਼ਕਲ ਸੀ ਆਲੇ ਦੁਆਲੇ ਦੇ ਲੋਕ ਪ੍ਰਮਾਤਮਾ ਤੋਂ ਅਰਦਾਸ ਕਰ ਰਹੇ ਸਨ ਕਿ ਇਸ ਵਿਅਕਤੀ ਦੀ ਜਾਨ ਬਚਾਉਣ ਲਈ ਕਿਸੇ ਫਰਿਸਤੇ ਨੂੰ ਭੇਜ ਦੇਵੋ ਅਤੇ ਉਸੇ ਵਕਤ ਐਸ.ਡੀ.ਐਮ. ਖਮਾਣੋਂ ਡਾ: ਸੰਜੀਵ ਕੁਮਾਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪਾਣੀ ਵਿੱਚ ਕੁੱਦ ਪਏ ਅਤੇ ਪਾਣੀ ਵਿੱਚ ਤੈਰਦੇ ਹੋਏ ਉਸ ਵਿਅਕਤੀ ਕੋਲ ਪਹੁੰਚ ਕੇ ਉਸ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆਏ। ਡਾ: ਸੰਜੀਵ ਕੁਮਾਰ ਪਹਿਲਾਂ ਤਾਂ ਆਪ ਖੁਦ ਪਾਣੀ ਵਿੱਚ ਤੈਰ ਕੇ ਲੰਮਾਂ ਪੈਂਡਾ ਤੈਅ ਕੀਤਾ ਅਤੇ ਇਸ ਉਪਰੰਤ ਉਸ ਵਿਅਕਤੀ ਨੂੰ ਨਾਲ ਲੈ ਕੇ ਬਾਹਰ ਆਏ। ਇਲਾਕੇ ਦੇ ਲੋਕ ਡਾ: ਸੰਜੀਵ ਕੁਮਾਰ ਦੀ ਇਸ ਬਹਾਦਰੀ ਦੀ ਕਾਫੀ ਸ਼ਲਾਘਾ ਕਰ ਰਹੇ ਹਨ। ਇਸ ਬਾਰੇ ਜਦੋਂ ਡਾ: ਸੰਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਦੂਸਰਿਆਂ ਦੀ ਮਦਦ ਕਰਨ ਨੂੰ ਉਚਤਮ ਦਰਜ਼ਾ ਦਿੱਤਾ ਗਿਆ ਹੈ ਅਤੇ ਮਾਨਵਤਾ ਦੀ ਸੇਵਾ ਹੀ ਸਭ ਤੋਂ ਉੱਤਮ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰੇਕ ਤਰ੍ਹਾਂ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ ਅਤੇ ਉਨ੍ਹਾਂ ਅਜਿਹਾ ਕਰਕੇ ਆਪਣੀ ਡਿਊਟੀ ਹੀ ਨਿਭਾਈ ਹੈ।