ਰਾਸ਼ਟਰੀ ਜਮਾਂਦਰੂ ਨੁਕਸ ਜਾਗਰੂਕਤਾ ਮਹੀਨਾ ਅਧੀਨ ਨਵ-ਜਨਮੇਂ ਬੱਚਿਆਂ ਦੀ ਕੀਤੀ ਸਕਰੀਨਿੰਗ

ਬਰਨਾਲਾ, 12 ਮਾਰਚ : ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਰਨਾਲਾ ਦੀ ਅਗਵਾਈ ਅਧੀਨ ਜ਼ਿਲ੍ਹੇ ਭਰ ਦੇ ਸਮੂਹ ਜਣੇਪਾ ਸੰਸਥਾਂਵਾਂ, ਆਂਗਣਵਾੜੀ ਸੈਂਟਰਾਂ ਤੇ ਸਰਕਾਰੀ ਸਕੂਲਾਂ ਵਿੱਚ ਰਾਸ਼ਟਰੀ ਜਮਾਂਦਰੂ ਨੁਕਸ ਜਾਗਰੂਕਤਾ ਮਹੀਨਾ 2024 ਮਨਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਨਵ-ਜਨਮੇਂ ਬੱਚਿਆਂ ਵਿੱਚ ਪਾਏ ਜਾਂਦੇ ਨੌਂ ਤਰ੍ਹਾਂ ਦੇ ਜਮਾਂਦਰੂ ਨੁਕਸ ਜਿਵੇਂ ਕਿ ਨਿਊਰਲ ਟਿਊਬ ਨੁਕਸ, ਡਾਊਨ ਸਿਨਡਰੋਮ, ਖਡੂੰ ਸਮੇਤ ਤਾਲੂ/ ਇਕੱਲਾ ਖਡੂੰ, ਟੇਡੇ ਮੇਢੇ ਪੈਰ, ਡਿਵਲਮੈਂਟ ਡਿਸਪਲਾਜੀਆ ਆਫ ਹਿੱਪ, ਜਮਾਂਦਰੂ ਬੋਲਾਪਣ, ਜਮਾਂਦਰੂ  ਦਿਲ ਦੀਆਂ ਬਿਮਾਰੀਆਂ, ਰੈਟਨੋਪੈਥੀ ਆਫ ਪ੍ਰੀਮੈਚਿਓਰਟੀ ਲਈ ਰੋਜਾਨਾ ਬੱਚਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਰਾਸ਼ਟਰੀ ਜਮਾਂਦਰੂ ਨੁਕਸ ਜਾਗਰੂਕਤਾ ਮੁਹਿੰਮ ਦੌਰਾਨ ਡਾ. ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ, ਬਰਨਾਲਾ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿੱਚ  ਨਵ-ਜਨਮੇਂ ਬੱਚਿਆਂ ਦੀ ਜਾਂਚ ਕੀਤੀ ਗਈ ਅਤੇ ਬੱਚਿਆਂ ਦੀਆਂ ਮਾਂਵਾਂ, ਆਸ਼ਾ ਵਰਕਰਾਂ, ਅਤੇ ਮੌਜੂਦ ਸਟਾਫ ਨੂੰ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਮਾਵਾਂ ਨੂੰ ਛੇ ਮਹੀਨਿਆਂ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ, ਬੱਚੇ ਦਾ ਸਮੇਂ ਸਿਰ ਟੀਕਾਕਰਨ ਕਰਵਾਇਆ ਜਾਵੇ ਤੇ ਸਰਕਾਰੀ ਸਿਹਤ ਸੰਸਥਾਂਵਾਂ 'ਤੇ ਲੱਗਣ ਵਾਲੇ ਜਾਗਰੂਕਤਾ ਕੈਂਪਾਂ ਵਿੱਚ ਹਿੱਸਾ ਲੈਣ ਜਿਸ ਨਾਲ ਸਿਹਤ ਸੰਭਾਲ ਲਈ ਮਿਲਦੀਆਂ ਸੇਵਾਵਾਂ ਦਾ ਲਾਭ ਲਿਆ ਜਾ ਸਕੇ। ਸੁਖਪਾਲ ਕੌਰ ਜ਼ਿਲ੍ਹਾ ਆਰ.ਬੀ.ਐਸ.ਕੇ. ਕੋਆਰਡੀਨੇਟਰ ਵੱਲੋਂ ਮਾਂਵਾਂ ਨੂੰ ਰਾਸ਼ਟਰੀ ਬਾਲ ਸਵਾਸਥਿਆ ਕਾਰਿਆਕ੍ਰਮ ਅਧੀਨ ਮਿਲਦੀਆਂ ਸਿਹਤ ਸਹੂਲਤਾਂ ਬਾਰੇ ਵੀ ਦੱਸਿਆਂ ਗਿਆ। ਇਸ ਮੌਕੇ ਸਿਵਲ ਹਸਪਤਾਲ ਬਰਨਾਲਾ ਦਾ ਸਮੂਹ ਸਟਾਫ ਹਾਜਰ ਸੀ।