ਵੈਟਨਰੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਅੰਤਰ-ਰਾਸ਼ਟਰੀ ਕਾਨਫਰੰਸ ਵਿਚ ਜਿੱਤੇ ਕਈ ਇਨਾਮ

ਲੁਧਿਆਣਾ, 05 ਜਨਵਰੀ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਅਨਾਟਮੀ ਵਿਭਾਗ ਦੇ ਵਿਦਿਆਰਥੀਆਂ ਅਤੇ ਸਾਇੰਸਦਾਨਾਂ ਨੇ ਵੈਟਨਰੀ ਸਰੀਰ ਰਚਨਾ ਵਿਗਿਆਨ ਦੀ ਐਸੋਸੀਏਸ਼ਨ ਦੀ ਅੰਤਰ-ਰਾਸ਼ਟਰੀ ਗੋਸ਼ਠੀ ਵਿਚ ਹਿੱਸਾ ਲਿਆ। ਇਸ 36ਵੀਂ ਸਾਲਾਨਾ ਭਾਰਤੀ ਗੋਸ਼ਠੀ ਦਾ ਵਿਸ਼ਾ ਸੀ ‘ਪਸ਼ੂਧਨ ਅਤੇ ਜੰਗਲੀ ਜੀਵ ਖੇਤਰ ਦੇ ਆਲਮੀ ਟਿਕਾਊਪਨ ਅਤੇ ਵਿਕਾਸ ਨੂੰ ਪ੍ਰਾਪਤ ਕਰਨ ਹਿਤ ਸਰੀਰ ਰਚਨਾ ਵਿਗਿਆਨ ਵਿਚ ਨਵੇਂ ਉਪਰਾਲੇ’। ਇਹ ਗੋਸ਼ਠੀ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸ, ਨਾਵਾਨੀਆ, ਉਦੈਪੁਰ ਵਿਖੇ ਹੋਈ। ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਦੇ ਅਨਾਟਮੀ ਵਿਭਾਗ ਦੇ ਮੁਖੀ, ਡਾ. ਵਰਿੰਦਰ ਉੱਪਲ ਨੂੰ ਉਨ੍ਹਾਂ ਦੀਆਂ ਅਧਿਆਪਨ ਅਤੇ ਖੋਜ ਗਤੀਵਿਧੀਆਂ ਹਿਤ ਡਾ. ਵੀ. ਆਰ. ਭੰਮਬੁਰਕਰ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਦੇਵਿੰਦਰ ਪਾਠਕ ਨੂੰ ਇਸ ਜਥੇਬੰਦੀ ਦੀ ਫੈਲੋਸ਼ਿਪ ਨਾਲ ਨਿਵਾਜਿਆ ਗਿਆ। ਡਾ. ਕਿ੍ਰਤਿਮਾ ਕਪੂਰ ਨੂੰ ਡਾ. ਕੇ.ਐਸ.ਰੌਏ ਸਨਮਾਨ ਅਤੇ ਸਰਵ-ਉੱਤਮ ਪਰਚੇ ਲਈ ਤਗਮਾ ਪ੍ਰਾਪਤ ਹੋਇਆ। ਡਾ. ਅਮਿਤ ਪੂਨੀਆ, ਖੋਜਾਰਥੀ ਨੂੰ ਸ਼੍ਰੀਮਤੀ ਓ. ਵਤੀ ਅਤੇ ਡਾ. ਯਸ਼ਵੰਤ ਸਿੰਘ ਤਗਮਾ ਮੌਖਿਕ ਪੇਸ਼ਕਾਰੀ ਲਈ ਮਿਲਿਆ। ਰੂਪ ਕਿਰਨ ਅਤੇ ਮਨੀਕਾਂਤ ਖੋਜਾਰਥੀਆਂ ਨੂੰ ਡਾ. ਵੀ ਰਾਮਾਕਿ੍ਰਸ਼ਨਾ ਚਾਂਦੀ ਤਗਮਾ ਅਤੇ ਡਾ. ਕੇ.ਐਲ.ਸੂਰੀ ਤਗਮਾ ਉਨ੍ਹਾਂ ਦੀ ਮੌਖਿਕ ਪੇਸ਼ਕਾਰੀ ਲਈ ਪ੍ਰਾਪਤ ਹੋਇਆ। ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਵਿਭਾਗ ਮੁਖੀ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਕਿ ਉਹ ਯੂਨੀਵਰਸਿਟੀ ਦਾ ਨਾਂ ਉੱਚਾ ਕਰਕੇ ਆਏ ਹਨ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਰੇ ਸਨਮਾਨਿਤ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਪਣੇ ਉੱਘੇ ਖੋਜ ਕਾਰਜਾਂ ਕਾਰਨ ਯੂਨੀਵਰਸਿਟੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਆਪਣਾ ਅਹਿਮ ਮੁਕਾਮ ਬਣਾ ਚੁੱਕੀ ਹੈ।