ਸਕੂਲੀ ਬੱਸ ਅਤੇ ਰੋਡਵੇਜ਼ ਬੱਸ ਦੀ ਹੋਈ ਆਹਮੋ-ਸਾਹਮਣੀ ਜ਼ਬਰਦਸਤ ਟੱਕਰ

  • ਡਰਾਈਵਰ ਸਣੇ 30 ਦੇ ਕਰੀਬ ਬੱਚੇ ਗੰਭੀਰ ਜ਼ਖ਼ਮੀ-ਕੁਝ ਲੁਧਿਆਣਾ ਤੇ ਕੁਝ ਆਸ-ਪਾਸ ਦੇ ਹਸਪਤਾਲਾਂ ’ਚ ਕੀਤੇ ਰੈਫਰ

ਜਗਰਾਉਂ, 15 ਮਈ (ਰਛਪਾਲ ਸ਼ੇਰਪੁਰੀ) : ਜਗਰਾਉਂ ਦੇ ਸੈਕਰਡ ਹਾਰਟ ਸਕੂਲ ਦੀ ਬੱਸ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਲਈ ਜਾ ਰਹੀ ਸੀ, ਇਕ ਪਾਸੇ ਤੋਂ ਸੜਕ ਦੀ ਮੁਰੰਮਤ ਹੋਣ ਕਾਰਨ ਸਕੂਲ ਬੱਸ ਦੂਸਰੀ ਸਾਈਡ ਤੋਂ ਜਾ ਰਹੀ ਸੀ ਕਿ ਸ਼ੇਰਪੁਰਾ ਚੌਕ ਲੰਘਦੇ ਹੀ ਮੋਗੇ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਆਹਮਣੇ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਸਕੂਲ ਬੱਸ ਵਿਚ ਤਕਰੀਬਨ 30 ਤੋਂ 35 ਬੱਚੇ ਸਵਾਰ ਸਨ, ਉਥੋਂ ਦੀ ਲੰਘਣ ਵਾਲੇ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਬੱਚਿਆਂ ਨੂੰ ਖਿੜਕੀਆਂ ਭੰਨ੍ਹ ਕੇ ਬਾਹਰ ਕੱਢਿਆ। ਰਾਹਗੀਰਾਂ ਦੇ ਦੱਸਣ ਅਨੁਸਾਰ ਟੱਕਰ ਬਹੁਤ ਜ਼ਿਆਦਾ ਜ਼ਬਰਦਸਤ ਸੀ ਤੇ ਬੱਚੇ ਪੂਰੀ ਤਰ੍ਹਾਂ ਘਬਰਾਅ ਗਏ। ਜਗਰਾਉਂ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਮੌਕੇ ਉਪਰ ਪਹੁੰਚ ਗਿਆ ਅਤੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਜਗਰਾਉਂ ਦੇ ਸਿਵਲ ਹਸਪਤਾਲ ਅਤੇ ਨਿੱਜੀ ਹਸਪਤਾਲਾਂ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਤੁਰੰਤ ਬੱਚਿਆਂ ਨੂੰ ਇਲਾਜ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਜਗਰਾਉਂ ਦੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਬੱਚਿਆਂ ਦਾ ਹਾਲ ਜਾਨਣ ਲਈ ਤੁਰੰਤ ਸਿਵਲ ਹਸਪਤਾਲ ਵਿਖੇ ਪਹੁੰਚੇ ਤੇ ਡਾਕਟਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਤੁਰੰਤ ਬੱਚਿਆਂ ਨੂੰ ਆਸ-ਪਾਸ ਦੇ ਹਸਪਤਾਲਾਂ ’ਚ ਲਿਜਾਉਣ ਅਤੇ ਹੋਰ ਪ੍ਰਬੰਧ ਕਰਨ ਦੀ ਹਦਾਇਤ ਦਿੱਤੀ। ਇਸੇ ਤਰ੍ਹਾਂ ਐਸ. ਡੀ. ਐਮ. ਗੁਰਬੀਰ ਸਿੰਘ ਕੋਹਲੀ, ਐਸ.ਪੀ. ਹਰਿੰਦਰਪਾਲ ਸਿੰਘ ਪਰਮਾਰ, ਡੀ.ਐਸ.ਪੀ. ਸਤਵਿੰਦਰ ਸਿੰਘ ਵਿਰਕ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ ਤੇ ਪ੍ਰਸ਼ੋਤਮ ਲਾਲ ਖਲੀਫ਼ਾ ਵੀ ਬੱਚਿਆਂ ਦਾ ਹਾਲ ਜਾਨਣ ਲਈ ਸਿਵਲ ਹਸਪਤਾਲ ਪਹੁੰਚੇ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸੜਕ ਦੀ ਰਿਪੇਅਰ ਦਾ ਕੰਮ ਹੋਣ ਕਰਕੇ ਸੜਕ ਇਕ ਪਾਸਿਓਂ ਬੰਦ ਸੀ ਤੇ ਇਕ ਸਾਈਡ ਤੋਂ ਹੀ ਆਵਾਜਾਈ ਚੱਲ ਰਹੀ ਸੀ, ਜਦੋਂ ਸਕੂਲੀ ਬੱਸ ਥਾਣਾ ਸਦਰ ਸਿਟੀ ਪੈਲੇਸ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਸਕੂਲੀ ਬੱਸ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਤਕਰੀਬਨ 30 ਦੇ ਕਰੀਬ ਬੱਚਿਆਂ ਦੇ ਸੱਟਾਂ ਲੱਗੀਆਂ ਹਨ, ਜੋ ਬੱਚੇ ਸੀਰੀਅਸ ਸਨ, ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ ਅਤੇ ਜਿੰਨ੍ਹਾਂ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ ਆਸ-ਪਾਸ ਦੇ ਹਸਪਤਾਲਾਂ ’ਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਸਕੂਲੀ ਬੱਸ ਦੇ ਡਰਾਈਵਰ ਦੀਆਂ ਦੋਨੋਂ ਲੱਤਾਂ ਤੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਸ ਨੂੰ ਵੀ ਲੁਧਿਆਣਾ ਰੈਫਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰੋਡਵੇਜ਼ ਦੀ ਬੱਸ ਦਾ ਡਰਾਈਵਰ ਫਰਾਰ ਹੋ ਗਿਆ, ਇਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਘਟਨਾ ਸਥਾਨ ’ਤੇ ਮੌਕੇ ’ਤੇ ਮੌਜੂਦ ਜੱਥੇਦਾਰ ਹਰੀ ਸਿੰਘ ਕਾਉਂਕੇ ਨੇ ਬੱਸ ’ਚੋਂ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਬੱਚਿਆਂ ਨੂੰ ਸਿਵਲ ਹਸਪਤਾਲ ਲਿਆਂਦਾ।