ਪਿੰਡ ਠੁੱਲੀਵਾਲ ਵਿੱਚ ਲੱਗਿਆ 'ਸਰਕਾਰ ਤੁਹਾਡੇ ਦੁਆਰ' ਕੈਂਪ, ਲੋਕਾਂ ਨੇ ਲਿਆ ਸਰਕਾਰੀ ਸੇਵਾਵਾਂ ਦਾ ਲਾਹਾ

  • ਵਧੀਕ ਡਿਪਟੀ ਕਮਿਸ਼ਨਰ ਅਤੇ ਐੱਸ ਡੀ ਐਮ ਨੇ ਮੌਕੇ 'ਤੇ ਵੱਖ ਵੱਖ ਸੇਵਾਵਾਂ ਦੇ ਸਰਟੀਫਿਕੇਟ ਦਿੱਤੇ
  • ਹਰ ਮੰਗਲਵਾਰ ਅਤੇ ਸ਼ੁੱਕਰਵਾਰ ਲਾਏ ਜਾ ਰਹੇ ਹਨ ਕੈਂਪ 

ਮਹਿਲ ਕਲਾਂ, 6 ਸਤੰਬਰ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਬਰਨਾਲਾ ਵਿੱਚ  'ਸਰਕਾਰ ਤੁਹਾਡੇ ਦੁਆਰ' ਕੈਂਪਾਂ ਦੀ ਲੜੀ ਤਹਿਤ ਅੱਜ ਵੱਡਾ ਗੁਰੂਦੁਆਰਾ ਸਾਹਿਬ ਪਿੰਡ ਠੁੱਲੀਵਾਲ ਵਿਖੇ ਕੈਂਪ ਲਾਇਆ ਗਿਆ, ਜਿਸ ਦਾ ਠੁੱਲੀਵਾਲ, ਮਨਾਲ, ਮਾਂਗੇਵਾਲ, ਗੁੰਮਟੀ ਤੇ ਕੁਰੜ ਦੇ ਲੋਕਾਂ ਨੇ ਲਾਹਾ ਲਿਆ। ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਲਤੀਫ਼ ਅਹਿਮਦ ਅਤੇ ਉਪ ਮੰਡਲ ਮੈਜਿਸਟਰੇਟ ਬਰਨਾਲਾ ਗੁਰਬੀਰ ਸਿੰਘ ਕੋਹਲੀ ਪੁੱਜੇ, ਜਿਨ੍ਹਾਂ ਨੇ ਵੱਖ ਵੱਖ ਵਿਭਾਗਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਲਗਭਗ ਸਾਰੇ ਵਿਭਾਗਾਂ ਕਿਰਤ ਵਿਭਾਗ, ਬਾਗਬਾਨੀ, ਮੱਛੀ ਪਾਲਣ, ਸਮਾਜਿਕ ਸੁਰੱਖਿਆ,ਖੇਤੀਬਾੜੀ ਵਿਭਾਗ, ਸਿਹਤ ਵਿਭਾਗ, ਸੇਵਾ ਕੇਂਦਰ, ਸਾਂਝ ਕੇਂਦਰ ਤੇ ਹੋਰ ਵੱਖ ਵੱਖ ਵਿਭਾਗਾਂ ਨੇ ਆਪਣੇ ਸਟਾਲ ਲਾਏ ਅਤੇ ਸਰਕਾਰੀ ਸਕੀਮਾਂ ਬਾਰੇ ਅਪਲਾਈ ਕਰਵਾਇਆ। ਇਸ ਮੌਕੇ ਸੇਵਾ ਕੇਂਦਰ ਵਲ੍ਹੋਂ ਵੱਖ ਵੱਖ ਸਰਟੀਫਿਕੇਟ ਜਿਵੇਂ ਜਨਮ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਨਰੇਗਾ ਜੌਬ ਕਾਰਡ ਆਦਿ ਦੀਆਂ ਸੇਵਾਵਾਂ ਮੌਕੇ 'ਤੇ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਸਕੂਲੀ ਵਿਦਿਆਰਥੀਆਂ ਨੇ ਵੀ ਲੋੜੀਂਦੇ ਸਰਟੀਫਿਕੇਟਾਂ ਲਈ ਅਪਲਾਈ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਲਤੀਫ਼ ਅਹਿਮਦ ਨੇ ਕਿਹਾ ਕਿ ਇਹ ਕੈਂਪ ਹਰ ਪਿੰਡ ਵਿੱਚ ਵਾਰੋ ਵਾਰੀ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਇਹ ਕੈਂਪ ਲਾਏ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਘਰਾਂ ਦੇ ਨੇੜੇ ਸੇਵਾਵਾਂ ਦਿੱਤੀਆਂ ਜਾ ਸਕਣ।