ਵੇਕ ਅੱਪ ਲੁਧਿਆਣਾ' ਮੁਹਿੰਮ ਤਹਿਤ ਪਿੰਡ ਬਲੀਏਵਾਲ ਤੇ ਜੀਵਨਪੁਰ 'ਚ ਲਗਾਏ ਬੂਟੇ

  • ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਲੋੜ - ਵਿਧਾਇਕ ਹਰਦੀਪ ਸਿੰਘ ਮੁੰਡੀਆਂ

ਲੁਧਿਆਣਾ, 12 ਜੁਲਾਈ 2024 : ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ 'ਵੇਕ ਅੱਪ ਲੁਧਿਆਣਾ' ਮੁਹਿੰਮ ਤਹਿਤ ਵੱਖ-ਵੱਖ ਹਲਕਿਆਂ ਵਿੱਚ ਪੌਦੇ ਲਗਾਏ ਜਾ ਰਹੇ ਹਨ ਤਾਂ ਜੋ ਪੰਜਾਬ ਨੂੰ ਹੋਰ ਹਰਿਆ ਭਰਿਆ ਅਤੇ ਇਸਦੇ ਵਾਤਾਵਰਨ ਵਿੱਚ ਸੁਧਾਰ ਲਿਆਂਦਾ ਜਾ ਸਕੇ। ਇਸੇ ਲੜੀ ਨੂੰ ਅੱਗੇ ਤੋਰਦਿਆਂ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਨੌਜਵਾਨਾਂ ਵੱਲੋਂ ਪਿੰਡ ਬਲੀਏਵਾਲ ਅਤੇ ਜੀਵਨਪੁਰ ਵਿਖੇ ਪੌਦੇ ਲਗਾਏ ਗਏ। ਪੌਦਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਮੁੰਡੀਆਂ ਨੇ ਦੱਸਿਆ ਕਿ ਪੌਦੇ ਸਾਡੇ ਲਈ ਮੁਫ਼ਤ ਆਕਸੀਜਨ ਦਾ ਇੱਕ ਵੱਡਾ ਸਰੋਤ ਹਨ ਅਤੇ ਇਹ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਵਿੱਚ ਵੀ ਸਹਾਈ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਮਨੁੱਖੀ ਜਿੰਦਗੀ ਵਿੱਚ ਪੌਦਿਆਂ ਦੀ ਬਹੁਤ ਵੱਡੀ ਮਹੱਤਤਾ ਹੈ ਅਤੇ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਨ ਵਿੱਚ ਸੁਧਾਰ ਲਿਆਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਤੋ ਇਲਾਵਾ ਇਨ੍ਹਾਂ ਪੌਦਿਆ ਦੀ ਸਾਂਭ ਸੰਭਾਲ ਦਾ ਪ੍ਰਣ ਵੀ ਲਿਆ ਗਿਆ ਅਤੇ ਆਮ ਜਨਤਾ ਨੂੰ ਵੀ ਪੰਜਾਬ ਸਰਕਾਰ ਦੀ ਇਸ ਹਰਿਆਵਲ ਮੁਹਿੰਮ ਵਿੱਚ ਵੱਧ ਤੋ ਵੱਧ ਰੁੱਖ ਲਗਾਉਣ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੀ ਅਪੀਲ ਕੀਤੀ ਗਈ।