ਅੱਠਵੀਂ ਦੇ ਐਨਾਲੇ ਨਤੀਜਿਆਂ ਵਿੱਚੋਂ ਬੱਸੀਆਂ ਦੀ ਸਮਰਪ੍ਰੀਤ ਕੌਰ ਨੇ ਪੰਜਾਬ ‘ਚੋ ਤੀਜਾ ਸਥਾਨ ਕੀਤਾ ਪ੍ਰਾਪਤ

ਰਾਏਕੋਟ, 28 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋੋਂ ਅੱਠਵੀਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਗੁਰੁ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ (ਰਾਏਕੋਟ) ਦੀ ਵਿਦਿਆਰਥਣ ਨੇ ਪੰਜਾਬ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ।ਵਿਦਿਆਰਥਣ ਸਮਰਪ੍ਰੀਤ ਕੌਰ ਬੱਸੀਆਂ ਨੇ 600 ਵਿੱਚੋਂ 598 ਅੰਕਾਂ ਨਾਲ 99.6 ਫੀਸਦੀ ਨੰਬਰ ਪ੍ਰਾਪਤ ਕੀਤੇ ਹਨ। ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਸਕੂਲ ਦੇ ਡਾਇਰੈਕਟਰ ਮਹਿੰਦਰ ਸਿੰਘ ਵੱਲੋਂ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੂੰ ਸਕੂਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਬੱਚੀ ਨੇ ਜਿੱਥੇ ਪੜ੍ਹਾਈ ਵਿੱਚ ਸਖ਼ਤ ਮੇਹਨਤ ਕਰਕੇ ਇਹ ਪੁਜੀਸ਼ਨ ਹਾਸਲ ਕੀਤੀ ਹੈ, ਉੱਥੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਜਿਲ੍ਹਾ ਲੁਧਿਆਣਾ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਵੀ ਹਾਸਲ ਕੀਤੀਆਂ ਹਨ। ਜਿੰਨ੍ਹਾਂ ‘ਚ ਸਮਰਪ੍ਰੀਤ ਕੌਰ ਬੱਸੀਆਂ ਨੇ 99.6 ਪ੍ਰਤੀਸ਼ਤ, ਜਸ਼ਨਦੀਪ ਕੌਰ ਫੇਰੂਰਾਈਂ ਨੇ 99.5 ਪ੍ਰਤੀਸ਼ਤ, ਐਸ਼ਵੀਰ ਕੌਰ ਬੱਸੀਆਂ ਨੇ 99.1 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਜਿੱਥੇ ਮਿਹਨਤੀ ਸਟਾਫ ਨੂੰ ਦਿੱਤਾ ਹੈ, ਉੱਥੇ ਉਨ੍ਹਾਂ ਬੱਚਿਆਂ ਨੂੰ ਵੀ ਭਵਿੱਖ ਵਿੱਚ ਹੋਰ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥਣ ਸਮਰਪ੍ਰੀਤ ਕੌਰ ਦੇ ਮਾਤਾ ਮਨਪ੍ਰੀਤ ਕੌਰ ਤੇ ਪਿਤਾ ਸਰਪੰਚ ਜਗਦੇਵ ਸਿੰਘ ਨੇ ਆਪਣੀ ਖੁਸ਼ੀ ਜਾਹਰ ਕਰਦੇ ਹੋਏ ਸਕੂਲ ਪ੍ਰਬੰਧਕਾਂ ਅਤੇ ਸਟਾਫ ਨੂੰ ਮੁਬਾਰਕਵਾਦ ਦਿੰਦਿਆ ਕਿਹਾ ਕਿ ਇਹ ਸਭ ਸਕੂਲ ਵੱਲੋਂ ਬੱਚਿਆਂ ਨੂੰ ਪੜ੍ਹਾਈ ਜਾਂਦੀ ਚੰਗੀ ਸਿੱਖਿਆ ਕਾਰਨ ਹੀ, ਉਨ੍ਹਾਂ ਦੀ ਬੇਟੀ ਇਹ ਪੁਜੀਸ਼ਨ ਹਾਸਲ ਕਰ ਸਕੀ ਹੈ।