ਸ਼ਹੀਦ ਊਧਮ ਸਿੰਘ ਵੱਲੋਂ ਦਿੱਤੀ ਕੁਰਬਾਨੀ ਬੇਮਿਸਾਲ: ਰੁਪਿੰਦਰ ਸਿੰਘ ਹੈਪੀ 

  • ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਸਬੰਧੀ ਰੋਜ਼ਾ ਸ਼ਰੀਫ ਨੇੜੇ ਸ਼ਹੀਦ ਉਧਮ ਸਿੰਘ ਸਮਾਰਕ ਵਿਖੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ

ਫਤਹਿਗੜ੍ਹ ਸਾਹਿਬ, 26 ਦਸੰਬਰ : ਸ਼ਹੀਦ ਊਧਮ ਸਿੰਘ ਉਹ ਮਹਾਨ ਸ਼ਹੀਦ ਹਨ, ਜਿਨ੍ਹਾਂ ਨੇ ਜ਼ਾਲਮ ਅੰਗਰੇਜ਼ ਹਕੂਮਤ ਵੱਲੋਂ ਜਲ੍ਹਿਆਂ ਵਾਲੇ ਬਾਗ ਵਿੱਚ ਨਿਹੱਥੇ ਤੇ ਬੇਕਸੂਰ ਲੋਕਾਂ ’ਤੇ ਕੀਤੇ ਜੁ਼ਲਮ ਦਾ ਬਦਲਾ ਜ਼ਾਲਮ ਅੰਗਰੇਜ਼ ਦੇ ਘਰ ਜਾ ਕੇ ਲਿਆ। ਅੱਜ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਹ ਸਾਡੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਸੰਭਵ ਹੋ ਸਕਿਆ ਹੈ। ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ ਵਿਚ ਜੁਲਮ ਕਰਨ ਵਾਲਿਆਂ ਦਾ ਖਾਤਮਾ ਕਰਕੇ ਸੁਨੇਹਾ ਦਿੱਤਾ ਕਿ ਅਸੀ ਕਦੇ ਵੀ ਜ਼ੁਲਮ ਖਿਲਾਫ ਝੁਕਦੇ ਨਹੀਂ। ਇਹ ਪ੍ਰਗਟਾਵਾ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਰੋਜਾ ਸ਼ਰੀਫ ਨੇੜੇ ਸ਼ਹੀਦ ਊਧਮ ਸਿੰਘ ਸਮਾਰਕ ’ਤੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਜੰਗ ਵਿੱਚ ਪੰਜਾਬੀਆਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦਿੱਤੀਆਂ ਅਤੇ ਸ਼ਹੀਦ ਊਧਮ ਸਿੰਘ ਵੱਲੋਂ ਦਿੱਤੀ ਕੁਰਬਾਨੀ ਆਪਣੇ ਆਪ ਵਿੱਚ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਾਨ ਸ਼ਹੀਦਾਂ ਦੇ ਵਿਖਾਏ ਮਾਰਗ ’ਤੇ ਚੱਲਦੇ ਹੋਏ ਜੀਵਨ ਬਤੀਤ ਕਰੀਏ। ਨੌਜਵਾਨਾਂ ਨੂੰ ਸ਼ਹੀਦਾਂ ਦੀਆਂ ਸ਼ਹਾਦਤਾਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ। ਇਸ ਮੌਕੇ ਲੇਬਰ ਵੈਲਫੇਅਰ ਬੋਰਡ ਦੇ ਮੈਂਬਰ ਸ਼੍ਰੀ ਰਾਜ ਪੁਰੀ, ਸੋਸ਼ਲ ਮੀਡੀਆ ਇੰਚਾਰਜ ਇੰਦਰ ਸਿੰਘ, ਜਸਵਿੰਦਰ ਪਿੰਕਾ, ਜਗਦੀਸ਼ ਸਿੰਘ ਘੁਮੰਡਗੜ੍ਹ, ਅਮਰਜੀਤ ਸਿੰਘ, ਸਮੇਤ ਹੋਰਨਾਂ ਪਤਵੰਤਿਆਂ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ।