ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਰ.ਟੀ.ਏ. ਲੁਧਿਆਣਾ ਅਤੇ ਐਸ.ਡੀ.ਐਮ. ਜਗਰਾਓਂ ਵਲੋਂ ਸਕੂਲੀ ਵਾਹਨਾਂ ਦੀ ਚੈਕਿੰਗ

  • 2 ਬੱਸਾਂ ਕੀਤੀਆਂ ਬੰਦ, 14 ਹੋਰ ਵਾਹਨਾਂ ਦੇ ਵੀ ਕੀਤੇ ਚਲਾਨ

ਜਗਰਾਉਂ, 17 ਮਈ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰਾਂਸਪੋਰਟ ਵਿਭਾਗ ਦੀ ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਅਤੇ ਐਸ.ਡੀ.ਐਮ.ਜਗਰਾਓਂ ਗੁਰਬੀਰ ਸਿੰਘ ਕੋਹਲੀ ਵਲੋਂ ਸਾਂਝੇ ਤੌਰ 'ਤੇ ਜਗਰਾਉਂ ਦੇ ਵੱਖ-ਵੱਖ ਸਕੂਲਾਂ (ਜੀ.ਐਚ.ਜੀ.ਅਕੈਡਮੀ, ਸਪਰਿੰਗ ਡਿਊ, ਸੈਕਰਡ ਹਾਰਟ ਕਾਨਵੈਂਟ ਸਕੂਲ) ਵਿਖੇ ਸੇਫ ਸਕੂਲ ਵਾਹਨ ਸਕੀਮ ਤਹਿਤ ਚੈਕਿੰਗ ਕੀਤੀ। ਆਰ.ਟੀ.ਏ. ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ ਸਕੂਲੀ ਵਾਹਨਾਂ ਵਿੱਚ ਕਈ ਖਾਮੀਆਂ ਪਾਈਆ ਗਈਆਂ ਜਿਸ ਵਿੱਚ ਫਾਇਰ ਐਕਸਟਿੰਗਸ਼ਰ ਦਾ ਨਾ ਹੋਣਾ, ਲੇਡੀ ਅਟੈਂਡੇਟ, ਪ੍ਰੈਸ਼ਰ ਹਾਰਨ, ਫਿਟਨੈਸ, ਪਰਮਿਟ ਦਾ ਨਾ ਹੋਣਾ, ਐਮਰਜੈਂਸੀ ਡੋਰ ਦਾ ਨਾ ਹੋਣਾ ਸ਼ਾਮਲ ਹਨ। ਇਸ ਮੌਕੇ ਉਨ੍ਹਾਂ 14 ਵਾਹਨ ਦੇ ਚਾਲਾਨ ਕੀਤੇ ਜਿਨ੍ਹਾਂ ਵਿੱਚੋਂ 6 ਚਲਾਨ ਜ਼ੀ.ਐਚ.ਜੀ ਅਕੈਡਮੀ, 3 ਚਲਾਨ ਸਪ੍ਰਿੰਗ ਡਿਉ ਸਕੂਲ, 5 ਚਲਾਨ ਸੈਕਰਡ ਹਾਰਟ ਕੌਨਵੈਂਟ ਸਕੂਲ ਅਤੇ 2 ਗੱਡੀਆਂ ਜੀ.ਐਚ.ਜੀ ਅਕੈਡਮੀ ਦੀਆਂ ਧਾਰਾ 207 ਤਹਿਤ ਬੰਦ ਕੀਤੀਆਂ ਗਈਆਂ। ਚੈਕਿੰਗ ਦੌਰਾਨ ਆਰ.ਟੀ.ਏ. ਅਤੇ ਐਸ.ਡੀ.ਐਮ.ਵੱਲੋ ਸਕੂਲ ਦੇ ਪ੍ਰਿੰਸੀਪਲ ਅਤੇ ਅਡਮਿਨਿਸਟ੍ਰੇਸ਼ਨ ਵਿਭਾਗ ਨੂੰ ਸਖਤ ਹਦਾਇਤ ਕੀਤੀ ਗਈ ਕਿ ਜੇਕਰ ਉਨ੍ਹਾਂ ਸੇਫ ਸਕੂਲ ਵਾਹਨ ਸਕੀਮ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ ਤਾਂ ਉਹਨਾਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਬੱਚਿਆਂ ਦੀ ਜਿੰਦਗੀ ਨਾਲ ਕੋਈ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਲਈ ਉਹਨਾਂ ਨੂੰ ਸਕੂਲੀ ਵਾਹਨਾਂ ਵਿੱਚ ਸੇਫਟੀ ਨਾਰਮਜ਼ ਪੂਰੇ ਰੱਖਣ ਲਈ ਵੀ ਚੇਤਾਵਨੀ ਦਿੱਤੀ ਗਈ।