ਆਰ.ਟੀ.ਏ. ਲੁਧਿਆਣਾ ਅਧੀਨ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ 'ਤੇ ਆਪਣਾ ਟੈਸਟ ਦੂਸਰੇ ਵਿਅਕਤੀ ਤੋਂ ਕਰਵਾਉਂਦਾ ਬਿਨੈਕਾਰ ਕਾਬੂ, ਮਾਮਲਾ ਦਰਜ਼

  • - ਡਾ. ਪੂਨਮ ਪ੍ਰੀਤ ਕੌਰ ਵਲੋਂ ਆਮ ਪਬਲਿਕ ਨੂੰ ਅਪੀਲ, ਟੈਸਟ ਟਰੈਕ 'ਤੇ ਨਿਯਮਾਂ ਦੀ ਉਲੰਘਣਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ
  • - ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਕੂਲੀ ਵਾਹਨਾਂ ਦੀ ਵੀ ਕੀਤੀ ਚੈਕਿੰਗ

ਲੁਧਿਆਣਾ, 9 ਫਰਵਰੀ (ਰਘਵੀਰ ਸਿੰਘ ਜੱਗਾ) : ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਅਧੀਨ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ, ਨੇੜੇ ਰੋਜ ਗਾਰਡਨ ਲੁਧਿਆਣਾ ਵਿਖੇ ਸਿਕਿਉਰਟੀ ਗਾਰਡ ਵੱਲੋਂ ਇੱਕ ਬਿਨੈਕਾਰ ਜਿਹੜਾ ਕਿ ਆਪਣੀ ਜਗਾ੍ਹ ਤੇ ਕਿਸੇ  ਹੋਰ ਵਿਅਕਤੀ ਪਾਸੋਂ ਡਰਾਈਵਿੰਗ ਟੈਸਟ ਪਾਸ ਕਰਵਾਉਣ ਲੱਗਾ ਤਾਂ ਉਸ ਨੂੰ ਰੰਗੇ ਹੱਥੀਂ ਫੱੜ ਲਿਆ। ਸਿਕਿਉਰਿਟੀ ਗਾਰਡ ਵਲੋਂ ਤੁਰੰਤ ਮਾਮਲਾ ਸਕੱਤਰ ਆਰ.ਟੀ.ਏ. ਦੇ ਧਿਆਨ ਵਿੱਚ ਲਿਆਂਦਾ ਗਿਆ ਜਿੱਥੇ ਸੈਕਸ਼ਨ ਅਫ਼ਸਰ, ਹੋਰ ਕਰਮਚਾਰੀ ਅਤੇ ਟਰੈਕ ਦੇ ਇੰਚਾਰਜ ਵੱਲੋਂ ਪੁਲਿਸ ਬੁਲਵਾ ਕਿ ਉਕਤ ਐਪਲੀਕੈਂਟ ਅਤੇ ਹੋਰ 'ਤੇ ਮਾਮਲਾ ਦਰਜ਼ ਕਰਵਾਇਆ ਗਿਆ। ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਵਲੋਂ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਟੈਸਟ ਟਰੈਕ 'ਤੇ ਕੋਈ ਨਿਯਮਾਂ ਦੀ ਉਲੰਘਣਾਂ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ ਅਤੇ ਜੇਕਰ ਕਿਸੇ ਵੀ ਵਿਅਕਤੀ ਦੇ ਧਿਆਨ ਵਿੱਚ ਕੋਈ ਬੇਨਿਯਮੀ ਆਉਂਦੀ ਹੈ ਤਾਂ ਦਫ਼ਤਰ ਦੇ ਸਟਾਫ ਜਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਇਸ ਤੋਂ ਇਲਾਵਾ ਆਰ.ਟੀ.ਏ. ਲੁਧਿਆਣਾ ਵਲੋਂ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਡਾ. ਪੂਨਮ ਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲੁਧਿਆਣਾ ਦੀਆਂ ਵੱਖ-ਵੱਖ ਸੜਕਾਂ 'ਤੇ ਸਵੇਰ ਸਮੇਂ ਸਕੂਲੀ ਵਾਹਨਾਂ ਅਤੇ ਵੱਡੀਆ ਬੱਸਾਂ ਦੀ ਚੈਕਿੰਗ ਕੀਤੀ। ਜਿਸ ਦੌਰਾਨ ਸਕੂਲੀ ਵਾਹਨਾਂ ਵਿਚ ਖਾਮੀਆਂ ਪਾਈਆਂ ਗਈਆਂ ਜਿਸ ਵਿੱਚ ਅੱਗ ਬੁਝਾਉਣ ਵਾਲਾ ਯੰਤਰ ਨਾ ਹੋਣਾ, ਲੇਡੀ ਅਟੈਡੈਂਟ, ਪ੍ਰੈਸ਼ਰ ਹਾਰਨ, ਫਿਟਨੈਸ ਸਰਟੀਫਿਕੇਟ, ਪਰਮਿਟ ਨਾ ਹੋਣਾ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੱਡੀਆਂ ਬੱਸਾਂ ਵਿੱਚ ਸੀਟਿੰਗ ਕਪੈਸਿਟੀ ਤੋਂ ਵੱਧ ਸਵਾਰੀਆਂ ਬਿਠਾਉਣ ਵਾਲੀਆਂ 5 ਵੱਡੀਆਂ ਬੱਸਾਂ, 3 ਸਕੂਲ ਬੱਸਾਂ ਅਤੇ 1 ਟਰੱਕ ਦਾ ਚਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲ ਵਾਹਨਾਂ ਵਲੋਂ ਨਿਯਮਾਂ ਦੀ ਉਲਘੰਣਾ ਕਰਨ 'ਤੇ ਭਾਰੀ ਜੁਰਮਾਨੇ ਕੀਤੇ ਜਾਣਗੇ ਤਾਂ ਜੋ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।