ਬਰਨਾਲਾ ਜ਼ਿਲੇ ਵਿੱਚ ਤਿੰਨ ਸਟੇਡੀਅਮ ਦੇ ਕੰਮਾਂ ਲਈ 1.82 ਕਰੋੜ ਰੁਪਏ ਮਨਜ਼ੂਰ: ਮੀਤ ਹੇਅਰ

  • ਛੀਨੀਵਾਲ ਕਲਾਂ ਵਿਖੇ ਲੱਗੇਗੀ ਸਿਕਸ-ਏ-ਸਾਈਡ ਹਾਕੀ ਐਸਟੋਟਰਫ
  • ਹੰਢਿਆਇਆ ਵਿਖੇ ਸਟੇਡੀਅਮ ਦੀ ਉਸਾਰੀ ਅਤੇ ਧਨੌਲਾ ਵਿਖੇ ਸਟੇਡੀਅਮ ਦਾ ਨਵੀਨੀਕਰਨ ਹੋਵੇਗਾ

ਬਰਨਾਲਾ, 14 ਮਾਰਚ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਪੰਜਾਬ ਨੂੰ ਖੇਡ ਨਕਸ਼ੇ ਉਤੇ ਮੁੜ ਉਭਾਰਨ ਅਤੇ ਖੇਡ ਸੱਭਿਆਚਾਰ ਪੈਦਾ ਕਰਨ ਲਈ ਖਿਡਾਰੀਆਂ ਲਈ ਉਸਾਰੂ ਖੇਡ ਢਾਂਚਾ ਉਸਾਰਨ ਦੇ ਦਿਸ਼ਾ ਵਿੱਚ ਨਿਰੰਤਰ ਕੰਮ ਕਰ ਰਹੇ ਖੇਡ ਵਿਭਾਗ ਵੱਲੋਂ ਬਰਨਾਲਾ ਜ਼ਿਲੇ ਵਿੱਚ ਤਿੰਨ ਵੱਖ-ਵੱਖ ਸਟੇਡੀਅਮਾਂ ਦੇ ਨਿਰਮਾਣ ਅਤੇ ਨਵੀਨੀਕਰਨ ਲਈ 1.82 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੀਨੀਵਾਲ ਕਲਾਂ ਵਿਖੇ ਸਿਕਸ-ਏ-ਸਾਈਡ ਹਾਕੀ ਐਸਟੋਟਰਫ ਗਰਾਊਂਡ ਬਣਾਉਣ ਲਈ 99.61 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਸੇ ਤਰ੍ਹਾਂ ਨਗਰ ਪੰਚਾਇਤ ਹੰਢਿਆਇਆ ਵਿਖੇ ਸਟੇਡੀਅਮ ਦੀ ਉਸਾਰੀ ਲਈ 33.84 ਲੱਖ ਰੁਪਏ ਅਤੇ ਨਗਰ ਕੌਂਸਲ ਧਨੌਲਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਦੇ ਨਵੀਨੀਕਰਨ ਲਈ 49.47 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਖੇਡ ਵਿਭਾਗ ਵੱਲੋਂ ਬਰਨਾਲਾ ਜ਼ਿਲੇ ਦੇ ਹੀ ਪਿੰਡ ਜੋਧਪੁਰ ਵਿਖੇ ਨਵਾਂ ਸਟੇਡੀਅਮ ਬਣਾਉਣ ਲਈ 65 ਲੱਖ ਰੁਪਏ ਅਤੇ ਹੰਢਿਆਇਆ ਦੇ ਹੀ ਸ੍ਰੀ ਗੁਰੂ ਤੇਗ਼ ਬਹਾਦਰ ਸਟੇਡੀਅਮ ਦੇ ਨਵੀਨੀਕਰਨ ਲਈ 32.50 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ। ਮੀਤ ਹੇਅਰ ਨੇ ਦੱਸਿਆ ਕਿ ਖੇਡ ਵਿਭਾਗ ਵੱਲੋਂ ਉਕਤ ਸਟੇਡੀਅਮਾਂ ਦੇ ਕੰਮਾਂ ਲਈ ਰਾਸ਼ੀ ਜਾਰੀ ਕਰਨ ਲਈ ਪ੍ਰਸ਼ਾਸਕੀ ਪ੍ਰਵਾਨਗੀ ਦਿੰਦਿਆਂ ਸਬੰਧਤ ਧਿਰਾਂ ਨੂੰ ਮਨਜ਼ੂਰੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨਾਲ ਹੀ ਆਦੇਸ਼ ਦਿੱਤੇ ਕਿ ਸਿਵਲ ਇੰਜੀਅਨਰਿੰਗ ਦੇ ਕੰਮਾਂ ਵਿੱਚ ਕੁਆਲਟੀ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਸੁਚੱਜੀ ਅਤੇ ਸਹੀ ਵਰਤੋਂ ਹੋਵੇ। ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਖਿਡਾਰੀਆਂ ਨੂੰ ਜਿੱਥੇ ਨਗਦ ਇਨਾਮ ਅਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਉਥੇ ਖੇਡ ਨਰਸਰੀਆਂ ਦੀ ਸਥਾਪਨਾ ਹੋ ਰਹੀ ਹੈ। ਇਸ ਤੋਂ ਇਲਾਵਾ ਜਿੱਥੇ ਵੀ ਖੇਡ ਸਟੇਡੀਅਮਾਂ ਦੀ ਉਸਾਰੀ ਦੀ ਲੋੜ ਹੈ, ਉਥੇ ਸਟੇਡੀਅਮ ਉਸਾਰੀ ਅਤੇ ਨਵੀਨੀਕਰਨ ਦਾ ਕੰਮ ਤਰਜੀਹੀ ਆਧਾਰ ਉਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਨਿਸ਼ਾਨਾ ਵੱਧ ਤੋਂ ਵੱਧ ਖੇਡ ਗਰਾਊਂਡ ਤਿਆਰ ਕਰਨੇ ਹਨ ਤਾਂ ਜੋ ਖਿਡਾਰੀਆਂ ਨੂੰ ਸਾਜਗਾਰ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ।