ਸਿਵਲ ਸਰਜਨ ਵੱਲੋਂ ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕ੍ਰਮ ਪ੍ਰੋਗਰਾਮ ਦਾ ਜਾਇਜ਼ਾ

ਬਰਨਾਲਾ, 1 ਅਕਤੂਬਰ 2024 : ਸਿਹਤ ਵਿਭਾਗ ਬਰਨਾਲਾ ਵਲੋਂ ਹਰ ਉਮਰ ਵਰਗ ਦੇ ਲੋਕਾਂ ਲਈ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਦਾ ਕਰਨ ਲਈ ਹਰ ਢੁਕਵਾਂ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਜੋ ਸਰਕਾਰੀ ਸਿਹਤ ਸਕੀਮਾਂ ਦਾ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਫ਼ਾਇਦਾ ਹੋ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਤਪਿੰਦਰਜੋਤ ਕੌਸ਼ਲ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵਲੋਂ ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਦਾ ਆਰ.ਬੀ.ਐਸ.ਕੇ. ( ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕ੍ਰਮ) ਇੱਕ ਅਹਿਮ ਸਿਹਤ ਪ੍ਰੋਗਰਾਮ ਹੈ ਜਿਸ ਪ੍ਰਤੀ ਤਨਦੇਹੀ ਨਾਲ ਸਿਹਤ ਵਿਭਾਗ ਆਪਣਾ ਕੰਮ ਕਰ ਰਿਹਾ ਹੈ। ਸਿਵਲ ਸਰਜਨ ਬਰਨਾਲਾ ਵੱਲੋਂ ਇਸ ਪ੍ਰੋਗਰਾਮ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਬਰਨਾਲਾ ਦੀਆਂ ਸਮੂਹ ਆਰ.ਬੀ.ਐਸ.ਕੇ. ਟੀਮਾਂ ਨਾਲ ਇਕ ਮੀਟਿੰਗ ਦਫ਼ਤਰ ਸਿਵਲ ਸਰਜਨ ਬਰਨਾਲਾ ਵਿਖੇ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਇਸ ਪ੍ਰੋਗਰਾਮ ਦੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਕੀਤਾ ਜਾਵੇ ਤਾਂ ਜੋ ਇਸ ਪ੍ਰੋਗਰਾਮ ਦਾ ਲੋੜਵੰਦਾਂ ਨੂੰ ਵੱਧ ਤੋਂ ਵੱਧ ਫ਼ਾਇਦਾ ਮਿਲ ਸਕੇ। ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਆਰ.ਬੀ.ਐਸ.ਕੇ ਪ੍ਰੋਗਰਾਮ ਅਧੀਨ ਨਵਜਨਮੇ ਬੱਚਿਆਂ ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਮੈਡੀਕਲ ਜਾਂਚ ਕਰਨ ਉਪਰੰਤ ਉਨਾਂ ਨੂੰ 30 ਵੱਖ-ਵੱਖ ਬਿਮਾਰੀਆਂ ਜਿਵੇਂ ਜਮਾਂਦਰੂ ਨੁਕਸ, ਦਿਲ ਦੀਆਂ ਬਿਮਾਰੀਆਂ, ਨਿਊਰਲ ਟਿਊਬ ਡਿਫੈਂਕਡ, ਜਮਾਂਦਰੂ ਚਿੱਟਾ ਮੋਤੀਆ, ਜਮਾਂਦਰੂ ਬੋਲਾਪਣ, ਜਮਾਂਦਰੂ ਖੰਡੂ (ਬੁੱਲ ਕੱਟਿਆ ਹੋਇਆ), ਪੈਰਾਂ ਦਾ ਟੇਡਾ ਹੋਣਾ ਆਦਿ ਦਾ ਮੁਫ਼ਤ ਇਲਾਜ ਪੀ.ਜੀ.ਆਈ. ਚੰਡੀਗੜ, ਫੋਰਟਿਸ ਹਸਪਤਾਲ ਮੋਹਾਲੀ, ਸੀ.ਐਮ.ਸੀ ਲੁਧਿਆਣਾ, ਡੀ.ਐਮ.ਸੀ.ਲੁਧਿਆਣਾ ਅਤੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕਰਵਾਇਆ ਜਾਂਦਾ ਹੈ। ਡਾ. ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ ਕਮ ਨੋਡਲ ਅਫਸਰ ਅਤੇ ਮੈਡਮ ਸੁਖਪਾਲ ਕੌਰ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਥੈਲੇਸੀਮੀਆਂ ਦੀ ਬਿਮਾਰੀ ਤੋਂ ਪੀੜਤ ਬੱਚਿਆਂ ਨੂੰ ਮੁਫ਼ਤ ਖੂਨ, ਦਵਾਈ ਅਤੇ ਬੋਨਮੈਰੋ ਤਬਦੀਲ ਕਰਨ, ਪੀੜਤ  ਨੂੰ ਮੁਫ਼ਤ ਬੱਸ ਸਫਰ ਦੀ ਸਹੂਲਤ ਆਰ.ਬੀ.ਐਸ.ਕੇ ਪ੍ਰੋਗਰਾਮ ਅਧੀਨ ਮੁਫ਼ਤ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵਲੋਂ ਸਿਹਤ ਵਿਭਾਗ ਦੀਆ ਹੋਰ ਵੱਖ ਵੱਖ ਸਿਹਤ ਸਕੀਮਾਂ ਦੇ ਨਾਮ ਆਰ.ਬੀ.ਐਸ.ਕੇ ਪ੍ਰੋਗਰਾਮ ਸਬੰਧੀ ਸੰਚਾਰ ਦੇ ਵੱਖ ਵੱਖ ਸਾਧਨਾਂ ਜਿਵੇਂ ਇਲਾਕਟ੍ਰਾਨਿਕ ਮੀਡੀਆ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ ਆਦਿ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।