ਡਿਪਟੀ ਕਮਿਸ਼ਨਰ ਵਲੋਂ ਬਰਨਾਲਾ ਬਲਾਕ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

  • ਬਡਬਰ, ਭੈਣੀ ਮਹਿਰਾਜ, ਦਾਨਗੜ੍ਹ ਤੇ ਫਰਵਾਹੀ ਵਿੱਚ ਢਾਈ  ਕਰੋੜ ਤੋਂ ਵੱਧ ਲਾਗਤ ਨਾਲ ਕਰਵਾਏ ਜਾ ਰਹੇ ਹਨ ਕੰਮ: ਪੂਨਮਦੀਪ ਕੌਰ

ਬਰਨਾਲਾ, 20 ਜੁਲਾਈ : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵਲੋਂ ਅੱਜ ਬਰਨਾਲਾ ਬਲਾਕ ਦੇ ਪਿੰਡ ਬਡਬਰ, ਭੈਣੀ ਮਹਿਰਾਜ, ਦਾਨਗੜ੍ਹ ਤੇ ਫਰਵਾਹੀ ਵਿੱਚ 2.66 ਕਰੋੜ ਦੀ ਲਾਗਤ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡਾਂ ਵਿੱਚ ਖੇਡ ਪਾਰਕਾਂ, ਲਾਇਬ੍ਰੇਰੀਆਂ, ਥਾਪਰ ਮਾਡਲ ਸਣੇ ਅਨੇਕਾਂ ਵਿਕਾਸ ਕਾਰਜ ਜਾਰੀ ਹਨ। ਇਸ ਮੌਕੇ ਉਨ੍ਹਾਂ ਪਿੰਡ ਬਡਬਰ ਵਿੱਚ 39.90 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਲਾਇਬ੍ਰੇਰੀ ਤੇ 40 ਲੱਖ ਦੀ ਲਾਗਤ ਨਾਲ ਬਣਾਏ ਜਾ ਰਹੇ ਸਪੋਰਟਸ ਪਾਰਕ ਦੇ ਕੰਮ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ। ਇਸ ਮਗਰੋਂ ਇਨ੍ਹਾਂ ਪਿੰਡ ਦਾਨਗੜ੍ਹ ਵਿਚ 38.90 ਦੇ ਲਾਇਬ੍ਰੇਰੀ ਦੇ ਪ੍ਰੋਜੈਕਟ ਦਾ ਜਾਇਜ਼ਾ ਲਿਆ। ਇਸ ਮਗਰੋਂ ਉਨ੍ਹਾਂ ਪਿੰਡ ਭੈਣੀ ਮਹਿਰਾਜ ਵਿੱਚ ਸਪੋਰਟਸ ਪਾਰਕ ਦੇ 69.60 ਲੱਖ ਦੇ ਪ੍ਰੋਜੈਕਟ ਦਾ ਜਾਇਜ਼ਾ ਲਿਆ, ਜਿੱਥੇ ਟਰੈਕ ਸਮੇਤ ਹੋਰ ਕਈ ਕੰਮ ਜਾਰੀ ਹਨ। ਪਿੰਡ ਫਰਵਾਹੀ ਵਿੱਚ ਉਨ੍ਹਾਂ 39.90 ਲੱਖ ਦੀ ਲਾਗਤ ਵਾਲੇ ਲਾਇਬ੍ਰੇਰੀ ਅਤੇ 38.40 ਲੱਖ ਦੀ ਲਾਗਤ ਵਾਲੇ ਥਾਪਰ ਮਾਡਲ ਦੇ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਫਰਵਾਹੀ, ਦਾਨਗੜ੍ਹ ਤੇ ਬਡਬਰ ਵਿੱਚ ਲਾਇਬ੍ਰੇਰੀ ਦੀ ਇਮਾਰਤ ਲਗਭਗ ਤਿਆਰ ਹੈ ਤੇ ਅਗਲਾ ਕੰਮ ਜਾਰੀ ਹੈ, ਜਿਸ ਨੂੰ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਰਿੰਦਰ ਸਿੰਘ ਧਾਲੀਵਾਲ, ਐਸ ਡੀ ਐਮ ਗੋਪਾਲ ਸਿੰਘ, ਬੀਡੀਪੀਓ ਸੁਖਦੀਪ ਸਿੰਘ, ਵੀਡੀਓ ਪਰਮਜੀਤ ਸਿੰਘ ਭੁੱਲਰ, ਪੰਚਾਇਤੀ ਰਾਜ ਤੋਂ ਜੇਈ ਜਗਜੀਤ ਸਿੰਘ ਤੇ ਹੋਰ ਅਫ਼ਸਰ, ਪੰਚਾਇਤੀ ਮੈਂਬਰ ਤੇ ਪਤਵੰਤੇ ਹਾਜ਼ਰ ਸਨ।