ਜ਼ੋਸ਼ ਅਤੇ ਜਨੂੰਨ ਨਾਲ ਭਰਪੂਰ ਰਹੀ ਆਜਾਦੀ ਵਾਲੇ ਦਿਨ ਸਾਦਕੀ ਚੌਕੀ ਵਿਚੇ ਰੀਟਰੀਟ ਦੀ ਰਸਮ

  • ਫਾਜਿ਼ਲਕਾ ਦੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਵੀ ਕੀਤੀ ਸਿ਼ਰਕਤ
  • ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਗਿਆ ਵਾਤਾਵਰਨ
  • ਬੀਐਸਐਫ ਦੇ ਜਵਾਨਾਂ ਨੂੰ ਮੀਠਾਈਆਂ ਭੇਂਟ

ਫਾਜਿ਼ਲਕਾ, 16 ਅਗਸਤ : ਫਾਜਿ਼ਲਕਾ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੇ ਸਾਦਕੀ ਚੌਕੀ ਵਿਖੇ ਆਜਾਦੀ ਦਿਹਾੜੇ ਦੀ ਸ਼ਾਮ ਦੀ ਰਟਰੀਟ ਦੀ ਰਸਮ ਖਾਸ ਜ਼ੋਸ ਅਤੇ ਜਨੂੰਨ ਵਾਲੀ ਹੋ ਨਿਬੜੀ। ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਇੱਥੇ ਪਹੁੰਚ ਕੇ ਜਿੱਥੇ ਬੀਐਸਐਫ ਦੇ ਜਵਾਨਾਂ ਨਾਲ ਅਜਾਦੀ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਉਥੇ ਹੀ ਉਨ੍ਹਾਂ ਵੱਲੋਂ ਜਵਾਨਾਂ ਨੂੰ ਮਿਠਾਈਆਂ ਵੀ ਭੇਂਟ ਕੀਤੀਆਂ ਗਈਆਂ।ਇਸ ਮੌਕੇ ਫਾਜਿਲ਼ਕਾ ਦੇ ਮਾਨਯੌਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ, ਐਸਐਸਪੀ ਸ੍ਰੀ ਮਨਜੀਤ ਸਿੰਘ ਢੇਸੀ ਤੋਂ ਇਲਾਵਾ ਬੀਐਸਐਫ ਦੇ ਸੀਨਿਅਰ ਅਧਿਕਾਰੀ ਵੀ ਹਾਜਰ ਸਨ।  ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ 15 ਅਗਸਤ ਦਾ ਦਿਨ ਸਾਡੇ ਲਈ ਇਕ ਕੌਮੀ ਤਿਓਹਾਰ ਹੈ ਅਤੇ ਅਸੀਂ ਇਸ ਦਿਨ ਅਸੀਂ ਜਿੱਥੇ ਆਪਣੀ ਆਜਾਦੀ ਦੀ ਪ੍ਰਾਪਤੀ ਅਤੇ ਇਸਦੀ ਰਾਖੀ ਲਈ ਆਪਾਂ ਵਾਰਨ ਵਾਲਿਆਂ ਨੂੰ ਯਾਦ ਕਰਦੇ ਹਾਂ ਉਥੇ ਹੀ ਇਸ ਦਿਨ ਅਸੀਂ ਆਪਣੇ ਮੁਲਕ ਦੀ ਤਰੱਕੀ ਦਾ ਇਕ ਨਵਾਂ ਸੰਕਲਪ ਵੀ ਲੈਂਦੇ ਹਾਂ। ਇਸ ਮੌਕੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਵੀ ਸਭ ਹਾਜਰੀਨ ਨੂੰ ਅਜਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਸਾਦਕੀ ਚੌਕੀ ਦਾ ਹੋਰ ਵਿਕਾਸ ਕੀਤਾ ਜਾਵੇਗਾ ਅਤੇ ਇੱਥੇ ਵੱਡਾ ਝੰਡਾ ਲਗਾਉਣ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾਣਗੇ। ਜਿਕਰਯੋਗ ਹੈ ਕਿ ਫਾਜਿ਼ਲਕਾ ਦੀ ਸਾਦਕੀ ਚੌਕੀ ਵਿਖੇ ਵੀ ਹਰ ਰੋਜ਼ ਅਟਾਰੀ ਅਤੇ ਹੁਸੈਨੀਵਾਲਾ ਚੌਕੀ ਵਾਂਗ ਹੀ ਰੀਟਰੀਟ ਦੀ ਰਸਮ ਹੁੰਦੀ ਹੈ ਜਿੱਥੇ ਜਿ਼ਲ੍ਹੇ ਦੇ ਲੋਕਾਂ ਤੋਂ ਇਲਾਵਾ ਦੂਰੋਂ ਦੂਰੋਂ ਲੋਕ ਇਹ ਰਸਮ ਵੇਖਣ ਲਈ ਪੁੱਜਦੇ ਹਨ।  ਇਸ ਮੌਕੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਲੋਕਾਂ ਨਾਲ ਮਿਲ ਕੇ ਤਿਰੰਗਾ ਲਹਿਰਾਇਆ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾਏ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਵੀ ਇਸ ਸਮਾਗਮ ਵਿਚ ਸਿ਼ਰਕਤ ਕੀਤੀ ਅਤੇ ਦੇਸ਼ ਭਗਤੀ ਦਾ ਪ੍ਰਗਟਾਵਾ ਕੀਤਾ।