ਚਿੱਟੇ ਦੇ ਸਮਗਲਰਾਂ ਖਿਲਾਫ ਕਈ ਮਹੱਲਿਆਂ ਦੇ ਨਿਵਾਸੀ ਹੋਏ ਲਾਮਬੰਦ, ਪੁਲਸ ਅਫਸਰਾਂ ਨੇ ਦਿੱਤਾ ਸਖਤ ਕਾਰਵਾਈ ਦਾ ਭਰੋਸਾ

ਮੁੱਲਾਂਪੁਰ ਦਾਖਾ, 19 ਦਸੰਬਰ (ਸਤਵਿੰਦਰ ਸਿੰਘ ਗਿੱਲ) : ਸਥਾਨਕ ਸ਼ਹਿਰ ਦੇ ਲਾਈਨੋ ਪਾਰ ਪੈਂਦੀਆਂ ਕਲੋਨੀਆਂ ਬਾਲਮਿਕ ਨਗਰ , ਕਬੀਰ ਨਗਰ, ਆਜਾਦ ਨਗਰ ਅਤੇ ਰਵੀਦਾਸ ਨਗਰ ਦੇ ਵਾਸੀਆਂ ਵੱਲੋਂ ਬੀਤੇ ਦਿਨੀ ਕਲੋਨੀਆਂ ਵਿੱਚ ਧੱਕੇ ਨਾਲ ਨਸ਼ਾ ਵੇਚਣ ਵਾਲੇ ਸਮਗਲਰਾਂ ਵਿਰੁੱਧ ਇੱਕ ਜੁੱਟਤਾ ਨਾਲ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਨਜਿੱਠਣ ਦਾ ਜਿਹੜਾ ਫੈਸਲਾ ਲਿਆ ਸੀ ਉਸ ਨੂੰ ਦੇਖਦਿਆਂ  ਡੀਐਸਪੀ ਦਾਖਾ ਅਮਨਦੀਪ ਸਿੰਘ ਅਤੇ ਮਾਡਲ ਥਾਣਾ ਦਾਖਾ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਚੀਮਾ ਨੇ ਕਲੋਨੀਆਂ ਵਿਖੇ ਪਹੁੰਚ ਕੇ ਉਥੋਂ ਦੇ ਨਿਵਾਸੀਆਂ ਨੂੰ ਇਹ ਯਕੀਨ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਨਸ਼ਾ ਸਮੱਗਲਰ ਤੁਹਾਡੇ ਮਹੱਲਿਆਂ ਵਿੱਚ ਤੁਹਾਨੂੰ ਨਜ਼ਰ ਆਉਂਦਾ ਹੈ ਤਾਂ ਸਾਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਤੇ ਉਸ ਤੇ ਸਖਤ ਤੋਂ ਸਖਤ  ਕਾਰਵਾਈ ਕਰਕੇ ਜੇਲ ਭੇਜਿਆ ਜਾਵੇਗਾ। ਮਹੱਲਾ ਨਿਵਾਸੀਆਂ ਨੇ ਪੁਲਿਸ ਨੂੰ ਉਹਨਾਂ ਦੇ ਮਹੱਲਿਆਂ ਵਿੱਚ ਆ ਕੇ ਨਸ਼ੇ ਦੀਆਂ ਪੁੜੀਆਂ ਅਤੇ ਟੀਕਾ ਵੇਚਣ ਵਾਲਿਆਂ ਦੇ ਨਾਂ ਵੀ ਜ਼ਾਹਰ ਕੀਤੇ ਅਤੇ ਕਿਹਾ ਕਿ ਨਸ਼ਾ ਸਮਗਲਰਾਂ ਨੇ ਸਾਡੇ ਮਹੱਲਿਆਂ ਦੀ ਰਾਤਾਂ ਦੀ ਨੀਂਦ ਉੜਾ ਦਿੱਤੀ ਹੈ ਤੇ ਸਾਡੇ ਬੱਚਿਆਂ ਦਾ ਭਵਿੱਖ ਦਾਅ ਤੇ ਲਾ ਰਹੇ ਹਨ। ਉਹਨਾਂ ਹੋਰ ਕਿਹਾ ਕਿ ਨਸ਼ੇ ਦੇ ਇਹ ਵਪਾਰੀ ਮਹੱਲਿਆਂ ਚ ਆ ਕੇ ਸ਼ਰੇਆਮ ਗੁੰਡਾਗਰਦੀ ਕਰਦੇ ਹਨ ਅਤੇ ਇਹਨਾਂ ਵਿਰੁੱਧ ਬੋਲਣ ਵਾਲਿਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ ਤੇ ਕੁੱਟਮਾਰ ਵੀ ਕਰਦੇ ਹਨ। ਮਹਲਾ ਨਿਵਾਸੀ ਅਸ਼ਵਣੀ ਨਾਗਰ, ਸੰਜੇ ਟਾਂਕ ਅਤੇ ਰਵੀ ਨਾਗਵੰਸੀ ਨੇ ਹੋਰ ਦੱਸਿਆ ਕਿ ਅਸੀਂ ਸਮਗਲਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤੇ ਅਸੀਂ ਇਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ। ਡੀ ਐਸ ਪੀ ਦਾਖਾ ਅਮਨਦੀਪ ਸਿੰਘ ਕਿ ਹੁਣ ਪੁਲਿਸ ਸਮਗਲਰਾਂ ਵਿਰੁੱਧ ਪੂਰੀ ਸ਼ਖਤੀ ਨਾਲ  ਕਾਰਵਾਈ ਕਰੇਗੀ ਜਿਸ ਲਈ ਮਹੱਲਾ ਵਾਸੀ ਸਾਨੂੰ ਨਸ਼ਾ ਸਮਗਲਰਾਂ ਦੀ ਨਿਡਰ ਹੋ ਕੇ ਜਾਣਕਾਰੀ ਦੇਣ ਅਸੀਂ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਾਂਗੇ। ਜ਼ਿਕਰ ਯੋਗ ਹੈ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਅਤੇ ਚਿੱਟਾ ਆਦਿ ਵੇਚਣ ਵਾਲਿਆਂ ਤੋਂ ਪੀੜਤ ਉਕਤ ਕਲੋਨੀਆਂ ਦੇ ਵਾਸੀ ਅਤੇ ਨਾਲ ਲੱਗਦੇ ਮੁਹੱਲਾ ਵਾਸੀ ਬੀਤੇ ਦਿਨੀਂ ਸਕਾਰਪਿਓ ਅਤੇ ਮੋਟਰਸਾਈਕਲ ’ਤੇ ਚਿੱਟਾ ਵੇਚਣ ਆਏ ਸਮੱਗਲਰਾਂ ਪਿੱਛੇ ਡਾਂਗਾ-ਸੋਟੀਆਂ ਲੈ ਕੇ ਪੈ ਗਏ ਸਨ।