ਪੰਜਾਬ ਦੀ ਵਾਗਡੋਰ ਗੈਰ ਤਜਰਬੇਕਾਰ ਲੋਕਾਂ ਦੇ ਹੱਥ ਵਿਚ ਹੈ : ਰਾਜਾ ਵੜਿੰਗ

ਬਰਨਾਲਾ 20 ਦਸੰਬਰ (ਭੁਪਿੰਦਰ ਸਿੰਘ ਧਨੇਰ) : ਕਾਂਗਰਸ ਪਾਰਟੀ ਦੇ ਨਵਨਿਯੁਕਤ ਜਿਲ੍ਹਾ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਤਾਜਪੋਸ਼ੀ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਅਤੇ ਮਹਿਲਾ ਕਾਂਗਰਸ ਵੱਲੋਂ ਇੱਕ ਭਰਵਾਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੇ ਰਾਜ ਨੂੰ ਯਾਦ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਪੰਜਾਬ ਦੀ ਵਾਗਡੋਰ ਗੈਰ ਤਜਰਬੇਕਾਰ ਲੋਕਾਂ ਦੇ ਹੱਥ ਵਿਚ ਹੈ ਜਿਸ ਕਾਰਨ ਪੰਜਾਬ ਹਰ ਖੇਤਰ ਵਿੱਚ ਦਿਨੋਂ-ਦਿਨ ਡੁੱਬਦਾ ਜਾ ਰਿਹਾ ਹੈ ਅਤੇ ਸੂਬੇ ਵਿਚ ਅਮਨ ਕਾਨੂੰਨ ਦੀ ਹਾਲਤ ਵਿਗੜਦੀ ਜਾ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ ਦੀ ਆਪਸੀ ਤਾਲਮੇਲ ਦੀ ਘਾਟ ਕਾਰਨ ਮਾੜੇ ਅਨਸਰਾਂ ਨੇ ਪੁਲਸ ਥਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਥਾਏ ਸੁਰੱਖਿਅਤ ਨਹੀ ਹਨ ਉਥੇ ਲੋਕਾਂ ਦੇ ਟਿਕਾਣੇ ਕਿਵੇਂ ਸੁਰੱਖਿਅਤ ਹੋ ਸਕਦੇ ਹਨ। ਜ਼ੀਰਾ ਵਿਖੇ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਲੋਕਾਂ ਵੱਲੋਂ ਲਗਾਏ ਧਰਨੇ ਉਪਰ ਲਾਠੀਚਾਰਜ ਤੇ ਲੋਕਾਂ ਉੱਪਰ ਦਰਜ ਮੁਕੱਦਮੇ ਦੀ ਨਿੰਦਾ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰੀ ਦਮਨ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਜਿਹੜੀ ਪਾਰਟੀ ਧਰਨਿਆਂ ਵਿੱਚੋਂ ਪੈਦਾ ਹੋਣ ਦਾ ਦਾਅਵਾ ਕਰਦੀ ਹੈ ਉਹ ਧਰਨੇ ਉਪਰ ਲਾਠੀਚਾਰਜ ਕਰ ਰਹੀ ਹੈ। ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੌਰਾਨ ਬਰਨਾਲਾ ਜ਼ਿਲੇ ਲਈ ਕਾਂਗਰਸ ਦੇ ਸਾਬਕਾ ਕਮਾਂਡਰ ਕੇਵਲ ਸਿੰਘ ਢਿੱਲੋਂ ਉਪਰ ਵੀ ਨਿਸ਼ਾਨਾ ਬੰਨਦੇ ਹੋਏ ਕਿਹਾ ਕਿ ਬਰਨਾਲਾ ਜ਼ਿਲੇ ਵਿੱਚ ਕਾਂਗਰਸ ਦਿਲ ਮੌਜੂਦਾ ਹਾਲਤ ਲਈ ਕੇਵਲ ਸਿੰਘ ਢਿੱਲੋਂ ਵਰਗੇ ਲੀਡਰ ਹੀ ਜ਼ਿੰਮੇਵਾਰ ਹਨ। ਕੇਵਲ ਸਿੰਘ ਢਿੱਲੋਂ ਬਾਰੇ ਬੋਲਦੇ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਇਹ ਲੋਕ ਮਹਿਲਾਂ ਵਿਚੋਂ ਨਿਕਲ ਕੇ ਲੋਕਾਂ ਵਿੱਚ ਗਏ ਹੁੰਦੇ ਤਾਂ ਕਾਂਗਰਸ ਦੀ ਇਹ ਹਾਲਤ ਨਾ ਹੁੰਦੀ। ਇਸ ਮੌਕੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਬਰਨਾਲਾ ਹਲਕੇ ਦੇ ਇੰਚਾਰਜ ਮਨੀਸ਼ ਬਾਂਸਲ ਸਮੇਤ ਬਰਨਾਲਾ ਸ਼ਹਿਰੀ ਅਤੇ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੀਆਂ ਮਹਿਲਾ ਵਰਕਰਾਂ ਵੀ ਹਾਜ਼ਰ ਸਨ।