ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲਿਆਂ ਲਈ 30 ਨਵੰਬਰ ਤੱਕ ਕੀਤੀ ਜਾ ਸਕੇਗੀ ਰਜਿਸਟ੍ਰੇਸ਼ਨ

  • ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਵੱਲੋਂ ਵੱਧ ਤੋਂ ਵੱਧ ਯੋਗ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ

ਮੋਗਾ, 20 ਨਵੰਬਰ : ਫਰਾਂਸ ਦੇ ਸ਼ਹਿਰ ਲਿਉਨ ਵਿਚ ਕਰਵਾਏ ਜਾ ਰਹੇ 47ਵੇਂ ਵਿਸ਼ਵ ਹੁਨਰ ਮੁਕਾਬਲੇ-2024, ਸਬੰਧੀ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਗਈਆਂ ਹਨ, ਤਾਂ ਕਿ ਵੱਖ-ਵੱਖ ਪੱਧਰਾਂ 'ਤੇ ਸਹੀ ਉਮੀਦਵਾਰਾਂ ਦੀ ਜਾਂਚ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਸੂਬਾ ਪੱਧਰੀ ਮੁਕਾਬਲਿਆ ਵਿੱਚ ਹਿੱਸਾ ਲੈਣ ਲਈ ਲੋੜੀਂਦੀ ਸਿਖਲਾਈ ਦਿੱਤੀ ਜਾ ਸਕੇ। ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ ਸ਼੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਉਕਤ ਸਬੰਧੀ ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।ਇਛੁੱਕ ਉਮੀਦਵਾਰ ਭਾਰਤ ਡਿਜੀਟਲ ਪੋਰਟਲ https//www.skillindiadigitel.gov.in  ਲਿੰਕ ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਨਵੰਬਰ 2023 ਹੈ। ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਹ ਮੁਕਾਬਲੇ ਕੁੱਲ 61 ਟਰੇਡਾਂ ਲਈ ਕਰਵਾਏ ਜਾਣਗੇ। ਦਸੰਬਰ ਮਹੀਨੇ ਵਿੱਚ ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲੇ ਕਰਵਾਏ ਜਾਣਗੇ ਅਤੇ ਮਿਤੀਆ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਮੀਦਵਾਰਾਂ ਦਾ ਜਨਮ 1 ਜਨਵਰੀ, 2002 ਨੂੰ ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਏਅਰਕ੍ਰਾਫਟ ਮੇੈਂਟੀਨੈਂਸ, ਮੈਨੂਫੈਕਚਰਿੰਗ ਟੀਮ ਚੈਲੇਂਜ ਅਤੇ ਮੈਕਟ੍ਰੋਨਿਕਸ, ਕਲਾਊਡ ਕੰਪਿਊਟਿੰਗ, ਸਾਈਬਰ ਸੁਰੱਖਿਆ, ਵਾਟਰ ਟੈਕਨਾਲੋਜੀ ਅਤੇ ਆਈ.ਟੀ.ਆਈ ਵਿੱਚ ਨੈੱਟਵਰਕ ਕੇਬਲਿੰਗ ਲਈ ਉਮੀਦਵਾਰ ਹਿੱਸਾ ਲੈਣ ਦੇ ਯੋਗ ਹਨ। ਹੁਨਰ ਮੁਕਾਬਲਿਆ ਦਾ ਮੰਤਵ ਹੁਨਰਮੰਦ ਨੌਜਵਾਨਾਂ ਨੂੰ ਤਿਆਰ ਕਰ ਕੇ ਉਨ੍ਹਾਂ ਦੀ ਸਕ੍ਰੀਨਿੰਗ ਕਰਨਾ ਹੈ।ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 4 ਪੱਧਰਾਂ ਜ਼ਿਲ੍ਹਾ, ਸੂਬਾ, ਖੇਤਰੀ ਅਤੇ ਰਾਸ਼ਟਰੀ ਪੱਧਰ'ਤੇ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੱਧਰ 'ਤੇ ਜੇਤੂ ਉਮੀਦਵਾਰ ਫਰਾਂਸ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਮੋਗਾ ਦੀਆਂ ਸਾਰੀਆਂ ਆਈ.ਟੀ.ਆਈਜ਼, ਪੋਲੀਟੈਕਨਿਕ, ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਕਿਹਾ ਗਿਆ ਹੈ ਕਿ ਉਹ ਨੌਜਵਾਨਾਂ ਨੂੰ ਇਨ੍ਹਾਂ ਮੁਕਾਬਲਿਆਂ ਬਾਰੇ ਜਾਣਕਾਰੀ ਦੇਣ ਅਤੇ ਭਾਰਤ ਡਿਜ਼ੀਟਲ ਪੋਰਟਲ ਲਿੰਕ ਬਾਰੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣੀ ਯਕੀਨੀ ਬਣਾਈ ਜਾਵੇ, ਤਾਂ ਜੋ ਵਿਸ਼ਵ ਪੱਧਰੀ ਹੁਨਰ ਮੁਕਾਬਲਿਆ ਵਿੱਚ ਨੌਜਵਾਨਾਂ ਦੇ ਹੁਨਰ ਨੂੰ ਪਛਾਣਿਆ ਜਾ ਸਕੇ ਅਤੇ ਵੱਧ ਤੋ ਵੱਧ ਉਮੀਦਵਾਰ ਇਸ ਦਾ ਲਾਭ ਉਠਾ ਸਕਣ।