ਅੱਗ ਲਗਾਉਣ ਵਾਲੇ 23 ਕਿਸਾਨਾਂ ਦੀਆਂ ਕੀਤੀਆਂ ਰੈਡ ਐਂਟਰੀਆਂ ਅਤੇ ਕੱਟੇ ਚਲਾਨ : ਡਿਪਟੀ ਕਮਿਸ਼ਨਰ 

ਫਰੀਦਕੋਟ 2 ਨਵੰਬਰ : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਯਮਾਂ ਦੀ ਪਾਲਣਾ ਤਹਿਤ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਇਸ ਸਾਲ ਬਹੁਤ ਸਖਤੀ ਕੀਤੀ ਜਾ ਰਹੀ ਹੈ ਜਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਬਹੁਤ ਕਿਸਾਨ ਇਸ ਵਾਰ ਪਰਾਲੀ ਨੂੰ ਅੱਗ ਨਾ ਲਗਾ ਕੇ ਜਮੀਨ ਵਿੱਚ ਵਾਹ ਰਹੇ ਹਨ ਜਾਂ ਗੱਠਾਂ ਬਣਾ ਕੇ ਕਣਕ ਦੀ ਬਿਜਾਈ ਕਰ ਰਹੇ ਹਨ। ਪਰ ਕਈ ਕਿਸਾਨ ਅਜੇ ਤੱਕ ਵੀ ਨਹੀਂ ਸਮਝੇ। ਜ਼ਿਲ੍ਹੇ ਵਿੱਚ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਦੀ ਉਪਲਬਧਤਾ ਹੋਣ ਦੇ ਬਾਵਜੂਦ ਕੁਝ ਕਿਸਾਨ ਅੱਗ ਲਗਾ ਰਹੇ ਹਨ ਜੋ ਕਿ ਬਹੁਤ ਹੀ ਮਾੜਾ ਅਤੇ ਗੈਰ ਕਾਨੂੰਨੀ ਵਰਤਾਰਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੱਕ ਅੱਗ ਲਗਾਉਣ ਵਾਲੇ 23 ਕਿਸਾਨਾਂ ਖਿਲਾਫ ਕਾਨੂਨੀ ਕਾਰਵਾਈ ਕਰਦਿਆਂ ਉਹਨਾਂ ਦੇ ਜਮੀਨੀ ਰਿਕਾਰਡ ਵਿੱਚ ਰੈਡ ਐਂਟਰੀ ਲਗਾਈ ਗਈ ਹੈ ਅਤੇ ਉਹਨਾਂ ਦੇ ਚਲਾਨ ਕੱਟ ਕੇ 2500 ਤੋਂ 25000/ ਪ੍ਰਤੀ ਏਕੜ ਜੁਰਮਾਨੇ ਵੀ ਵਸੂਲੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਵੱਲੋਂ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਉਹ ਇਹ ਗਲਤੀ ਨਾ ਕਰਨ। ਜ਼ਿਲ੍ਹੇ ਵਿੱਚ 20 ਕਲਸਟਰ ਅਫਸਰ,70 ਨੋਡਲ ਅਫ਼ਸਰ,35 ਜਿਲੇ ਦੇ ਪ੍ਰਮੁੱਖ ਅਧਿਕਾਰੀਆਂ ਦੀਆਂ ਡਿਊਟੀਆਂ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਲਗਾਈਆਂ ਗਈਆਂ ਹਨ ਇਸ ਤੋਂ ਬਿਨਾਂ ਸੈਟੇਲਾਈਟ ਵੀ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਖੇਤਾਂ ਵਿੱਚ ਲੱਗੀ ਅੱਗ ਦੀ ਰਿਪੋਰਟ ਕਰ ਰਿਹਾ ਹੈ।