ਆਰ.ਬੀ.ਐਸ.ਕੇ. ਟੀਮ ਮੋਗਾ ਨੇ ਇੱਕ ਹੋਰ ਬੱਚੀ ਦੇ ਦਿਲ ਦਾ ਮੁਫ਼ਤ ਅਪਰੇਸ਼ਨ ਕਰਵਾਇਆ

  • ਸਿਹਤਮੰਦ ਪੰਜਾਬ ਸਿਹਤ ਵਿਭਾਗ ਦਾ ਮੁੱਖ ਟੀਚਾ : ਡਾ.ਰਾਜੇਸ਼ ਅੱਤਰੀ

ਮੋਗਾ, 12 ਜੁਲਾਈ : ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਮੋਗਾ ਦੀ ਆਰ.ਬੀ.ਐਸ.ਕੇ. ਟੀਮ ਵੱਲੋਂ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਅਕਾਲਸਰ ਰੋਡ ਮੋਗਾ ਦੀ ਸੱਤ ਸਾਲਾ ਬੱਚੀ ਜਸਮੀਤ ਕੌਰ ਦੇ ਦਿਲ ਦਾ ਮੁਫਤ ਅਪਰੇਸ਼ਨ ਸੀ.ਐਮ.ਸੀ. ਲੁਧਿਆਣਾ ਤੋ ਸਫਲਤਾਪੂਰਵਕ ਕਰਵਾਇਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਆਰ.ਬੀ.ਐਸ.ਕੇ. ਟੀਮ ਮੋਗਾ ਦੇ ਡਾ. ਅਜੇੈ ਕੁਮਾਰ ਅਤੇ ਸਟਾਫ ਨਰਸ ਰਾਜਵੰਤ ਕੌਰ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਕੀਤੀ ਗਈ ਸਿਹਤ ਜਾਂਚ ਵਿੱਚ ਪਾਇਆ ਗਿਆ ਸੀ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਕਾਲਸਰ ਰੋਡ ਮੋਗਾ ਵਿਖੇ ਸੱਤ ਸਾਲਾਂ ਦੀ ਇੱਕ ਬੱਚੀ ਜਸਮੀਤ ਕੌਰ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਇਸਦਾ ਪਰਿਵਾਰ ਗਰੀਬ ਹੋਣ ਕਾਰਣ ਇਸਦਾ ਅਪਰੇਸ਼ਨ ਨਹੀਂ ਕਰਵਾ ਸਕਦਾ ।ਆਰ.ਬੀ.ਐਸ.ਕੇ. ਟੀਮ ਮੋਗਾ ਵੱਲੋਂ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ, ਜ਼ਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ, ਐਸ.ਐਮ.ੳ. ਮੋਗਾ ਡਾ. ਸੁਖਪ੍ਰੀਤ ਸਿੰਘ ਬਰਾੜ, ਜ਼ਿਲਾ ਪ੍ਰੋਗਰਾਮ ਮੈਨੇਜਰ ਪ੍ਰਵੀਨ ਸ਼ਰਮਾ, ਜ਼ਿਲਾ ਮਾਸ ਮੀਡੀਆ ਵਿੰਗ ਅਮ੍ਰਿਤਪਾਲ ਸ਼ਰਮਾ, ਲਖਵਿੰਦਰ ਕੈਥ, ਮਜਵੰਤ ਕੌਰ  ਅਤੇ ਜ਼ਿਲਾ ਸਕੂਲ ਹੈਲਥ ਕੋਆਰਡੀਨੇਟਰ ਸੁਖਬੀਰ ਸਿੰਘ ਦੇ ਸਹਿਯੋਗ ਨਾਲ ਇਸ ਬੱਚੀ ਦੇ ਦਿਲ ਦਾ ਅਪਰੇਸ਼ਨ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਇਲਾਜ ਲਈ ਚਲਾਏ ਜਾ ਰਹੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਸੀ.ਐਮ.ਸੀ. ਲੁਧਿਆਣਾ ਤੋਂ ਬਿਲਕੁਲ ਮੁਫ਼ਤ ਅਤੇ ਸਫਲਤਾਪੂਰਵਕ ਕਰਵਾਇਆ ਗਿਆ ਹੈ। ਆਰ.ਬੀ.ਐਸ.ਕੇ. ਦੀ ਟੀਮ ਵੱਲੋਂ ਜਸਮੀਤ ਕੌਰ ਦਾ ਅਪਰੇਸ਼ਨ ਉਪਰੰਤ ਹਾਲ ਚਾਲ ਪਤਾ ਕੀਤਾ ਅਤੇ ਜਸਮੀਤ ਕੌਰ ਦੇ ਪਿਤਾ ਮੰਗੂ ਸਿੰਘ ਨੂੰ ਅਪਰੇਸ਼ਨ ਉਪਰੰਤ ਇੰਨਫੈਕਸ਼ਨ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤਰੁੰਤ ਆਰ.ਬੀ.ਐਸ.ਕੇ ਟੀਮ ਮੋਗਾ ਨਾਲ ਸੰਪਰਕ ਕੀਤਾ ਜਾਵੇ, ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਸੰਭਵ ਹੈ। ਆਰ.ਬੀ.ਐਸ.ਕੇ. ਟੀਮ ਦੇ ਮੈਂਬਰ ਡਾ. ਅਜੇ ਕੁਮਾਰ ਅਤੇ ਸਟਾਫ ਨਰਸ ਰਾਜਵੰਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜੀਰੋ ਤੋਂ ਅਠਾਰਾਂ ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫਤ ਇਲਾਜ ਲਈ ਆਰ.ਬੀ.ਐਸ.ਕੇ. ਟੀਮ ਵੱਲੋਂ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ । ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਦੇ ਉਦੇਸ਼ ਤਹਿਤ ਜਲਦ ਬਿਮਾਰੀ ਦੀ ਪਹਿਚਾਣ ਕਰ ਲੈਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰਾਂ ਸੰਭਵ ਹੈ ।