ਕਲਾਕਾਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਨੂੰ ਲੈਕੇ ਰਾਜਾ ਵੜਿੰਗ ਦਾ ਤੰਜ਼, ਕਿਹਾ : ਲੋਕ ਉਸ ਨੂੰ ਵੋਟ ਪਾਉਣਗੇ ਜੋ ਕਿਸਾਨਾਂ ਦੀ ਗੱਲ ਕਰ ਸਕੇਗਾ 

ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ : ਲੋਕ ਸਭਾ ਚੋਣਾਂ ਨੂੰ ਲੈਕੇ ਸਰਗਰਮੀਆਂ ਤੇਜ਼ ਹਨ ਅਤੇ ਹਰ ਇੱਕ ਸਿਆਸੀ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਰਹੀ ਹੈ। ਇਸ ਵਿਚਾਲੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਵਲੋਂ ਕਰਮਜੀਤ ਅਨਮੋਲ ਤਾਂ ਭਾਜਪਾ ਵਲੋਂ ਹੰਸ ਰਾਜ ਹੰਸ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਕਾਂਗਰਸ ਵਲੋਂ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਖੁਦ ਇੱਕ ਕਲਾਕਾਰ ਹਨ। ਉਧਰ ਕਲਾਕਾਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਨੂੰ ਲੈਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਕਿ ਹਰ ਪਾਰਟੀ ਨੂੰ ਹੱਕ ਹੈ ਕਿ ਉਹ ਕਿਸੇ ਨੂੰ ਵੀ ਚੋਣ ਮੈਦਾਨ 'ਚ ਖੜਾ ਕਰਨ ਪਰ ਬਹੁਤ ਸਾਰੇ ਕਲਾਕਾਰਾਂ ਨੂੰ ਅਸੀਂ ਮੌਕਾ ਦੇ ਕੇ ਦੇਖ ਲਿਆ ਹੈ। ਜੋ ਉਨ੍ਹਾਂ ਦੀ ਇਨਪੁੱਟ ਹੈ ਉਹ ਸਾਰੇ ਲੋਕ ਜਾਣਦੇ ਹਨ। ਉਨ੍ਹਾਂ ਕਿਹਾ ਕਿ ਕਲਾਕਾਰ ਇੱਕ ਵਾਰ ਜਿੱਤਣ ਤੋਂ ਬਾਅਦ ਮੁੜ ਕੇ ਲੋਕਾਂ 'ਚ ਨਹੀਂ ਆਉਂਦਾ। ਵੜਿੰਗ ਦਾ ਕਹਿਣਾ ਕਿ 'ਜਿਸ ਕਾ ਕਾਮ, ਉਸੀ ਕੋ ਸਾਜੇ', ਸੋ ਹਰ ਕਿਸਾਨ ਕਲਾਕਾਰ ਨਹੀਂ ਬਣ ਸਕਦਾ ਤੇ ਹਰ ਕਲਾਕਾਰ ਕਿਸਾਨ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਹਰ ਇੱਕ ਨੂੰ ਆਪਣਾ ਕੰਮ ਦਿੱਤਾ ਹੋਇਆ ਹੈ ਤੇ ਉਹ ਕਰਨਾ ਵੀ ਚਾਹੀਦਾ ਹੈ, ਨਹੀਂ ਪੰਜਾਬ ਤਾਂ ਪਹਿਲਾਂ ਹੀ ਹੇਠਾਂ ਨੂੰ ਜਾ ਰਿਹਾ ਹੈ। ਵੜਿੰਗ ਨੇ ਕਿਹਾ ਕਿ ਚੰਗੇ ਲੋਕ ਚੁਣ ਕੇ ਲੋਕ ਸਭਾ 'ਚ ਜਾਣ, ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਤੇ ਉਸ ਦੇ ਹੱਕਾਂ ਦੀ ਰਾਖੀ ਕਰਨ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਭਾਵੇਂ ਕੋਈ ਸਾਗਰ ਦੀ ਵਹੁਟੀ ਨੂੰ ਟਿਕਟ ਦੇਵੇ ਜਾਂ ਉਸ ਦੇ ਮੁੰਡੇ ਨੂੰ ਟਿਕਟ ਦੇਵੇ ਪਰ ਫਰੀਦਕੋਟ ਦੀ ਸੀਟ 'ਤੇ ਪਹਿਲਾਂ ਹੀ ਕਰਮਜੀਤ ਅਨਮੋਲ ਤੇ ਹੰਸ ਰਾਜ ਹੰਸ ਜੀ ਆ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਸਮਝਦਾਰ ਹੋ ਗਏ ਹਨ ਤੇ ਉਹ ਸੋਚ ਸਮਝ ਕੇ ਹੀ ਵੋਟ ਪਾਉਣਗੇ ਤੇ ਮੂੰਹ ਤੋੜ ਜਵਾਬ ਦੇਣਾ ਹੈ, ਕਿਉਂਕਿ ਲੋਕ ਸਭਾ 'ਚ ਕੋਈ ਛੈਣੇ ਖੜਕਾਉਣ ਨਹੀਂ ਜਾਣਾ। ਉਨ੍ਹਾਂ ਕਿਹਾ ਕਿ ਜਿਹੜਾ ਵੀ ਲੀਡਰ ਆ ਜਾਵੇ ਪਰ ਲੋਕ ਉਸ ਨੂੰ ਵੋਟ ਪਾਉਣਗੇ ਜੋ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਸਕੇ। ਰਾਜਾ ਵੜਿੰਗ ਦਾ ਕਹਿਣਾ ਕਿ ਸੁਖਬੀਰ ਬਾਦਲ ਕਹਿੰਦੇ ਸੀ ਕਿ ਉਹ 25 ਸਾਲ ਰਾਜ ਕਰਨਗੇ ਤੇ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਉਹ 13-0 ਲੈਣਗੇ ਪਰ ਇਹ ਗੱਲ ਉਹ ਕਹਿਣਾ ਚਾਹੁੰਦੇ ਹਨ ਕਿ ਪੰਜਾਬ 'ਚ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ 'ਚ ਉਭਰ ਕੇ ਸਾਹਮਣੇ ਆਵੇਗੀ। ਲੋਕ ਬਹੁਤ ਸਿਆਣੇ ਹੋ ਚੁੱਕੇ ਹਨ, ਕਿਉਂਕਿ ਇਹ ਕੋਈ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਤਾਂ ਲੋਕਾਂ ਨੇ ਪੰਜ ਸਾਲ ਦੀ ਕਾਰਗੁਜਾਰੀ ਦੇਖ ਕੇ ਮੌਕਾ ਦੇਣਾ ਹੈ ਪਰ ਅੱਜ ਆਮ ਆਦਮੀ ਪਾਰਟੀ ਨੂੰ ਲੋਕ ਕਿਉਂ ਵੋਟ ਦੇਣਗੇ , ਕਿਉਂਕਿ ਜੇਕਰ ਇਹ ਤਿੰਨ ਚਾਰ ਸੀਟਾਂ ਜਿੱਤਦੇ ਵੀ ਹਨ ਤਾਂ ਪੰਜਾਬ ਲਈ ਇਹ ਲੜਾਈ ਨਹੀਂ ਲੜ ਸਕਦੇ ਅਤੇ ਨਾ ਹੀ ਅਕਾਲੀ ਦਲ ਲੜਾਈ ਲੜ ਸਕਦਾ ਹੈ, ਕਿਉਂਕਿ ਚੰਦੂਮਾਜਰਾ ਸਾਹਿਬ ਖੁਦ ਕਹਿੰਦੇ ਹਨ ਕਿ ਉਨ੍ਹਾਂ ਦੀ ਭਾਈਵਾਲੀ ਬਿਨਾਂ ਸਰਕਾਰ ਨਹੀਂ ਬਣ ਸਕਦੀ। ਜਿਸ ਤੋਂ ਸਾਫ਼ ਪਤਾ ਚੱਲਦਾ ਕਿ ਇੰਨ੍ਹਾਂ ਨੇ ਸਮਝੌਤਾ ਕਰਨਾ ਹੈ। ਰਾਜਾ ਵੜਿੰਗ ਦਾ ਕਹਿਣਾ ਕਿ ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ 'ਚ ਲਿਖਿਆ ਹੈ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਵਾਂਗੇ ਤੇ ਕਿਸਾਨੀ ਨੂੰ ਜੀਐਸਟੀ ਮੁਕਤ ਕਰਾਂਗੇ ਤੇ ਕਿਸਾਨਾਂ ਦੇ ਕਿਸੇ ਵੀ ਸੰਦ 'ਤੇ ਜੀਐਸਟੀ ਨਹੀਂ ਲੱਗੇਗਾ। ਜੇਕਰ ਕਿਸਾਨ ਦੀ ਫ਼ਸਲ ਖਰਾਬ ਹੋ ਗਈ ਤਾਂ ਤੀਹ ਦਿਨ 'ਚ ਫਸਲ ਦਾ ਸਿੱਧਾ ਭੁਗਤਾਨ ਕਰਾਂਗੇ। ਕਾਂਗਰਸ ਵਲੋਂ ਤੀਹ ਲੱਖ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਹੈ ਤੇ ਇੱਕ ਲੱਖ ਗਰੀਬ ਨੂੰ ਸਹਾਇਤਾ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰ ਲੀਡਰ ਤਾਂ ਮੋਦੀ ਸਾਹਿਬ ਨੇ ਢਾਅ ਲਏ ਨੇ ਪਰ ਇਕੱਲੇ ਰਾਹੁਲ ਗਾਂਧੀ ਨੇ ਜੋ ਨਰਿੰਦਰ ਮੋਦੀ ਤੋਂ ਨਹੀਂ ਡਰਦੇ ਅਤੇ ਨਾ ਹੀ ਕਿਸੇ ਜਾਂਚ ਏਜੰਸੀ ਤੋਂ ਡਰਦੇ ਹਨ ਤੇ ਹਿੱਕ ਤਾਣ ਕੇ ਖੜੇ ਹਨ।