ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਜੀਵ ਅਰੋੜਾ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਜਲਦੀ ਅੱਪਗ੍ਰੇਡ ਕਰਨ ਦਾ ਦਿੱਤਾ ਭਰੋਸਾ

ਲੁਧਿਆਣਾ, 20 ਮਾਰਚ : ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ।ਅਰੋੜਾ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਮੀਟਿੰਗ ਦੌਰਾਨ ਸ਼ਹਿਰ ਨਾਲ ਸਬੰਧਤ ਵੱਖ-ਵੱਖ ਰੇਲਵੇ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਰੇਲਵੇ ਮੰਤਰੀ 'ਤੇ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਪਹਿਲ ਦੇ ਆਧਾਰ 'ਤੇ ਪੂਰਾ ਕੀਤੇ ਜਾਣ ਲਈ ਜ਼ੋਰ ਦਿੱਤਾ। ਅਰੋੜਾ ਨੇ ਕਿਹਾ, "ਰੇਲਵੇ ਮੰਤਰੀ ਨੇ ਮੇਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।" ਅਰੋੜਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਵਜੋਂ ਆਪਣੀ ਨਿਯੁਕਤੀ ਤੋਂ ਬਾਅਦ ਤੋਂ ਹੀ ਉਹ ਲਗਾਤਾਰ 1860 ਵਿੱਚ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੇ ਗਏ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਜੰਕਸ਼ਨ ਬਣਨ ਤੋਂ ਲੈ ਕੇ ਹੁਣ ਤੱਕ ਕੋਈ ਵੱਡਾ ਨਵੀਨੀਕਰਨ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ 150 ਦੇ ਕਰੀਬ ਪੈਸੰਜਰ ਗੱਡੀਆਂ ਅਤੇ 30 ਤੋਂ ਵੱਧ ਮਾਲ ਗੱਡੀਆਂ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ 528.95 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਲਈ ਜ਼ਮੀਨੀ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਪੂਰਾ ਕਰਨ ਦੀ ਅੰਤਿਮ ਮਿਤੀ 2 ਅਗਸਤ, 2025 ਰੱਖੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਬੰਧਤ ਅਧਿਕਾਰੀ ਸਮਾਂ ਸੀਮਾ ਅਨੁਸਾਰ ਕੰਮ ਕਰਨਗੇ। ਅਰੋੜਾ ਨੇ ਕਿਹਾ ਕਿ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦੇ ਪ੍ਰੋਜੈਕਟ ਵਿੱਚ ਨਿਰਵਿਘਨ ਆਵਾਜਾਈ ਲਈ ਐਲੀਵੇਟਿਡ ਰੋਡ ਤੋਂ ਵਾਧੂ ਐਂਟਰੀ, ਸਟੇਸ਼ਨ ਖੇਤਰ ਵਿੱਚ ਆਉਣ ਅਤੇ ਜਾਣ ਦੀ ਵਿਵਸਥਾ, ਨਵੀਂ ਬਹੁ-ਪੱਧਰੀ ਕਾਰ ਪਾਰਕਿੰਗ ਅਤੇ ਲਗਭਗ 130000 ਵਰਗ ਫੁੱਟ ਦੀ ਸਤਹ ਪਾਰਕਿੰਗ ਖੇਤਰ, ਉਚਿਤ ਦੂਸਰੀ ਐਂਟਰੀ ਦਾ ਪ੍ਰਬੰਧ, ਗ੍ਰੀਨ ਬਿਲਡਿੰਗ ਸਰਟੀਫਿਕੇਸ਼ਨ (ਗੋਲਡ ਰੇਟਡ) ਦੇ ਨਾਲ ਆਈਕੋਨਿਕ ਸਟੇਸ਼ਨ ਬਿਲਡਿੰਗਾਂ ਦਾ ਪ੍ਰਬੰਧ, ਸਾਰੀਆਂ ਯਾਤਰਾ ਸੰਬੰਧੀ ਜਾਣਕਾਰੀ ਲਈ ਸਾਈਨੇਜ ਅਤੇ ਡਿਜੀਟਲ ਡਿਸਪਲੇ ਅਤੇ ਵਿਸ਼ਵ ਪੱਧਰੀ ਸੁਵਿਧਾਵਾਂ ਦੇ ਨਾਲ ਲਗਭਗ 236 ਫੁੱਟ ਚੌੜੀ ਰਵਾਨਗੀ ਕੰਕੋਰਸ ਸ਼ਾਮਿਲ ਹੈ।