ਕਰਿਆਨੇ ਦੀ ਦੁਕਾਨ ਤੋਂ 5 ਲੱਖ ਦੀ ਚੋਰੀ ਕਰਨ ਦੇ ਮਾਮਲੇ ‘ਚ ਰਾਏਕੋਟ ਪੁਲਿਸ ਦੋ ਨੂੰ ਕੀਤਾ ਕਾਬੂ

  • ਕਥਿਤ ਚੋਰਾਂ ਤੋਂ ਮੋਟਰਸਾਈਕਲ, ਮੋਬਾਇਲ ਅਤੇ 3 ਲੱਖ 55 ਹਜ਼ਾਰ 800 ਰੁਪੈ ਦੀ ਨਗਦੀ ਬਰਾਮਦ

ਰਾਏਕੋਟ, 26 ਜੂਨ 2024 : ਬੀਤੇ ਦਿਨੀਂ ਸਥਾਨਕ ਦੀ ਇੱਕ ਮਸ਼ਹੂਰ ਕਰਿਆਨੇ ਦੀ ਦੁਕਾਨ ਅਰਨੇ ਦੀ ਹੱਟੀ ‘ਤੇ ਹੋਈ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਦਿਆਂ ਥਾਣਾ ਸਿਟੀ ਪੁਲਿਸ ਵੱਲੋਂ ਦੋ ਚੋਰਾਂ ਨੂੰ ਕਾਬੂ ਕਰਕੇ ਚੋਰੀ ਕੀਤੇ ਪੈਸੇ, ਇੱਕ ਮੋਬਾਇਲ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਡੀਐਸਪੀ ਰਾਏਕੋਟ ਦੇ ਦਫਤਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਵਰਿੰਦਰ ਸਿੰਘ ਉਰਫ ਗੱਗੀ ਪੁੱਤਰ ਸਤਨਾਮ ਸਿੰਘ ਵਾਸੀ ਬੁਰਜ ਹਰੀ ਸਿੰਘ, ਜੋ ਉਕਤ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਸੀ ਨੇ ਆਪਣੇ ਦੋਸਤ ਬਾਬਰ ਮੁਹੰਮਦ ਪੁੱਤਰ ਬੂਟਾ ਖਾਨ ਵਾਸੀ ਪਿੰਡ ਬਿੰਜਲ ਨਾਲ ਮਿਲ ਕੇ ਉਕਤ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਵੱਲੋਂ ਮੁਸਤੈਦੀ ਵਰਤਦਿਆਂ ਕਾਬੂ ਕੀਤੇ ਦੋਵੇਂ ਨੌਜਵਾਨਾਂ ਪਾਸੋਂ ਪਲੈਟੀਨਾ ਮੋਟਸਾਈਕਲ ਅਤੇ ਚੋਰੀ ਕੀਤੇ 5 ਲੱਖ ਰੁਪੈ ਦੀ ਨਗਦੀ ਵਿੱਚੋਂ 28 ਹਜ਼ਾਰ ਦੀ ਕੀਮਤ ਦਾ ਖ੍ਰੀਦਿਆਂ ਮੋਬਾਇਲ ਅਤੇ 3 ਲੱਖ 55 ਹਜ਼ਾਰ 800 ਰੁਪੈ ਨਗਦੀ ਬਰਾਮਦ ਕੀਤੇ ਹਨ।ਜਿੰਨ੍ਹਾਂ ਖਿਲਾਫ 457/380 ਅਧੀਨ ਥਾਣਾ ਸਿਟੀ ਰਾਏਕੋਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਰਛਪਾਲ ਸਿੰਘ ਢੀਂਡਸਾਂ ਨੇ ਦੱਸਿਆ ਕਿ ਚੋਰੀ ਦੀ ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਕਤ ਦੋਵੇਂ ਨੌਜਵਾਨ ਵੱਲੋਂ ਦੁਕਾਨ ਤੇ ਲੱਗੇ ਕੈਮਰਿਆਂ ਦਾ ਡੀਵੀਆਰ ਚੋਰੀ ਕਰਕੇ ਅਖਾੜਾ ਨਹਿਰ ਸੁੱਟਿਆ ਗਿਆ ਅਤੇ ਵਰਿੰਦਰ ਸਿੰਘ ਉਰਫ ਗੱਗੀ ਵੱਲੋਂ ਚੋਰੀ ਕੀਤੀ ਰਕਮ ਆਪਣੇ ਘਰ ਦੇ ਟੈਲੀਵੀਜਨ ਨੂੰ ਖੋਲ੍ਹ ਕੇ ਵਿੱਚ ਲੁਕੋ ਦਿੱਤੀ ਗਈ, ਜੋ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਪਤਾ ਨਹੀਂ ਸੀ। ਡੀਐਸਪੀ ਢੀਂਡਸਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਜਿਸ ਤੋਂ ਬਾਅਦ ਬਾਕੀ ਪੈਸਿਆਂ ਦੀ ਵਸੂਲੀ ਅਤੇ ਇੰਨ੍ਹਾਂ ਤੋਂ ਬਿਨ੍ਹਾਂ ਇਸ ਚੋਰੀ ਦੀ ਘਟਨਾਂ ਨੂੰ ਅੰਜ਼ਾਮ ਦੇਣ ਵਿੱਚ ਹੋਰ ਕਿਹੜੇ ਕਿਹੜੇ ਲੋਕ ਸ਼ਾਮਲ ਸਨ ਦਾ ਪਤਾ ਲਗਾਇਆ ਜਾਵੇਗਾ।ਜਿਕਰਯੋਗ ਹੈ ਕਿ ਕਥਿਤ ਦੋਸ਼ੀ ਵਰਿੰਦਰ ਸਿੰਘ ਗੱਗੀ  ਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦਾ ਮੁਕੱਦਮਾ 2020 ਵਿੱਚ ਥਾਣਾ ਜੋਧਾਂ ਵਿਖੇ ਦਰਜ ਹੈ।  ਇਸ ਮੌਕੇ ਥਾਣਾ ਸਿਟੀ ਇੰਚਾਰਜ ਦਵਿੰਦਰ ਸਿੰਘ, ਏਐਸਆਈ ਗੁਰਮੀਤ ਸਿੰਘ, ਰੀਡਰ ਅੰੀਮ੍ਰਤਪਾਲ ਸਿੰਘ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।